ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਾਲੇ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ। ਮੋਹਾਲੀ ਕਲੱਬ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਹਨਾਂ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (PACE) ਤਹਿਤ JEE (Main), JEE (Advanced) ਅਤੇ NEET UG 2026 ਵਿੱਚ ਕਾਮਯਾਬੀ ਹਾਸਲ ਕੀਤੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ JEE (Main) ਅਤੇ 64 ਵਿਦਿਆਰਥੀਆਂ ਨੇ JEE (Advanced) ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵੱਡਾ ਵਾਧਾ ਦਰਸਾਉਂਦਾ ਹੈ। ਇਸੇ ਤਰ੍ਹਾਂ 882 ਵਿਦਿਆਰਥੀਆਂ ਨੇ NEET UG 2026 ਪਾਸ ਕੀਤੀ ਹੈ, ਜਦਕਿ 2025 ਵਿੱਚ ਇਹ ਗਿਣਤੀ 847 ਅਤੇ 2024 ਵਿੱਚ 437 ਸੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਅਕਾਦਮਿਕ ਸਹਾਇਤਾ ਦਾ ਸਪੱਸ਼ਟ ਸਬੂਤ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ IIT, 36 ਨੇ NIT ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਹਾਸਲ ਕੀਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਇੱਕ ਚੰਗਾ ਪ੍ਰਿੰਸੀਪਲ ਕਿਸੇ ਵੀ ਸਕੂਲ ਦੀ ਤਸਵੀਰ ਬਦਲ ਸਕਦਾ ਹੈ ਅਤੇ ਵਿਦਿਆਰਥੀਆਂ ਦੀ ਸਫ਼ਲਤਾ ਵਿੱਚ ਸਕੂਲ ਮੁਖੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਜੂਨ 2026 ਦੌਰਾਨ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ ਲਗਭਗ 3,000 ਵਿਦਿਆਰਥੀਆਂ ਨੂੰ JEE ਅਤੇ NEET ਦੀ ਵਿਸ਼ੇਸ਼ ਤਿਆਰੀ, ਮੌਕ ਟੈਸਟ, ਮੈਨਟੋਰਿੰਗ ਅਤੇ ਸ਼ੰਕਾ ਨਿਵਾਰਣ ਦਾ ਲਾਭ ਮਿਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਕੂਲਾਂ ਨੂੰ ਸਿਰਫ਼ ਇਮਾਰਤਾਂ ਨਹੀਂ, ਸਗੋਂ ਅਧਿਆਪਕ ਅਤੇ ਪ੍ਰਿੰਸੀਪਲ ਅਸਲ ਮਾਇਨੇ ਵਿੱਚ ਸਿੱਖਿਆ ਦੇ ਕੇਂਦਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਮਾਡਲ ਹੁਣ ਵਿਦਿਆਰਥੀਆਂ ਲਈ IIT, NIT, ਮੈਡੀਕਲ ਕਾਲਜ ਅਤੇ ਬਿਹਤਰ ਭਵਿੱਖ ਵੱਲ ਰਾਹ ਖੋਲ੍ਹ ਰਿਹਾ ਹੈ।






