Home Punjab Malerkotla ਸਵੱਛ ਸਰਵੇਖਣ ਗ੍ਰਾਮੀਣ-2025 ਵਿੱਚ ਮਾਲੇਰਕੋਟਲਾ ਦੀ ਇਤਿਹਾਸਕ ਉਪਲਬਧੀ

ਸਵੱਛ ਸਰਵੇਖਣ ਗ੍ਰਾਮੀਣ-2025 ਵਿੱਚ ਮਾਲੇਰਕੋਟਲਾ ਦੀ ਇਤਿਹਾਸਕ ਉਪਲਬਧੀ

0
2

·         ਦੇਸ਼ ਭਰ ਵਿੱਚ 19ਵਾਂ, ਉੱਤਰੀ ਖੇਤਰ ਵਿੱਚ ਦੂਜਾ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ

·         ਡਿਪਟੀ ਕਮਿਸ਼ਨਰ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਗ੍ਰਾਮ ਪੰਚਾਇਤਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ

·         ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਯੋਜਨਾਬੱਧ ਕਾਰਗੁਜ਼ਾਰੀ ਅਤੇ ਲੋਕ ਭਾਗੀਦਾਰੀ ਨੂੰ ਦੱਸਿਆ ਸਫ਼ਲਤਾ ਦਾ ਆਧਾਰ

ਮਾਲੇਰਕੋਟਲਾ:ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਕਰਵਾਏ ਗਏ ਸਵੱਛ ਸਰਵੇਖਣ ਗ੍ਰਾਮੀਣ-2025 ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਭਰ ਵਿੱਚ 19ਵਾਂ, ਉੱਤਰੀ ਖੇਤਰ (ਨਾਰਥ ਜ਼ੋਨ) ਵਿੱਚ ਦੂਜਾ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ।

ਇਸ ਮਾਣਮੱਤੀ ਪ੍ਰਾਪਤੀ ‘ਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਮੁੱਚੀ ਟੀਮ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਵਿਭਾਗ ਦੀ ਦੂਰਅੰਦੇਸ਼ੀ ਯੋਜਨਾਬੰਦੀ, ਨਿਰੰਤਰ ਨਿਗਰਾਨੀ, ਪ੍ਰਭਾਵਸ਼ਾਲੀ ਕਾਰਜਸ਼ੈਲੀ ਅਤੇ ਪਿੰਡ ਪੱਧਰ ‘ਤੇ ਕੀਤੇ ਗਏ ਲਗਾਤਾਰ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਇਸ ਦੌਰਾਨ ਤਾਇਨਾਤ ਰਹੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ. ਗੁਰਵਿੰਦਰ ਸਿੰਘ ਢੀਂਡਸਾ (ਮੌਜੂਦਾ ਐਸ.ਸੀ. ਸੰਗਰੂਰ) ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਵਿਭਾਗ ਨੇ ਸਵੱਛਤਾ ਮੁਹਿੰਮ ਨੂੰ ਪਿੰਡਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਗ੍ਰਾਮ ਪੰਚਾਇਤਾਂ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ), ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਠੋਸ ਅਤੇ ਤਰਲ ਕੂੜਾ ਪ੍ਰਬੰਧਨ, ਸਫ਼ਾਈ ਪ੍ਰਬੰਧ,ਪਲਾਸਟਿਕ ਮੁਕਤ ਪਿੰਡਾਂ ਦੀ ਸਿਰਜਣਾ, ਜਨ ਜਾਗਰੂਕਤਾ ਮੁਹਿੰਮਾਂ ਅਤੇ ਸਵੱਛਤਾ ਪ੍ਰਤੀ ਲੋਕਾਂ ਦੀ ਸੋਚ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰਭਾਵਸ਼ਾਲੀ ਉਪਰਾਲੇ ਕੀਤੇ ਗਏ। ਇਨ੍ਹਾਂ ਯਤਨਾਂ ਨੂੰ ਪਿੰਡ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲਿਆ, ਜਿਸ ਦੇ ਨਤੀਜੇ ਵਜੋਂ ਮਾਲੇਰਕੋਟਲਾ ਨੇ ਰਾਸ਼ਟਰੀ ਪੱਧਰ ‘ਤੇ ਇਹ ਮਾਣਮੱਤੀ ਉਪਲਬਧੀ ਹਾਸਲ ਕੀਤੀ।

ਉਨ੍ਹਾਂ ਕਿਹਾ ਕਿ ਇਹ ਸਨਮਾਨ ਕੇਵਲ ਕਿਸੇ ਇੱਕ ਵਿਭਾਗ ਦੀ ਨਹੀਂ, ਸਗੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਅਗਵਾਈ ਹੇਠ ਸਮੂਹ ਪ੍ਰਸ਼ਾਸਨ, ਗ੍ਰਾਮ ਪੰਚਾਇਤਾਂ, ਸਫ਼ਾਈ ਕਰਮਚਾਰੀਆਂ, ਸਵੈ-ਸਹਾਇਤਾ ਸਮੂਹਾਂ, ਨੌਜਵਾਨਾਂ ਅਤੇ ਜ਼ਿਲ੍ਹਾ ਵਾਸੀਆਂ ਦੇ ਸਾਂਝੇ ਯਤਨਾਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਨੂੰ ਜਨ ਅੰਦੋਲਨ ਬਣਾਉਣ ਵਿੱਚ ਵਿਭਾਗ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਕੰਮ ਕਰਦਿਆਂ ਸਵੱਛਤਾ, ਵਾਤਾਵਰਨ ਸੰਭਾਲ ਅਤੇ ਟਿਕਾਊ ਕੂੜਾ ਪ੍ਰਬੰਧਨ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ ਅਤੇ ਮਾਲੇਰਕੋਟਲਾ ਨੂੰ ਦੇਸ਼ ਦੇ ਮੋਹਰੀ ਸਵੱਛ ਜ਼ਿਲ੍ਹਿਆਂ ਵਿੱਚ ਸ਼ਾਮਲ ਰੱਖਣ ਲਈ ਆਪਣਾ ਅਹਿਮ ਯੋਗਦਾਨ ਜਾਰੀ ਰੱਖੇਗਾ।

LEAVE A REPLY

Please enter your comment!
Please enter your name here