Tuesday, September 8, 2026
Home Punjab ਮੋਹਾਲੀ ਕਤਲ ਕੇਸ ‘ਚ ਪਾਲਤੂ ਕੁੱਤੇ ਨੇ ਦਿਵਾਇਆ ਇਨਸਾਫ਼, 5 ਸਾਲ ਬਾਅਦ...

ਮੋਹਾਲੀ ਕਤਲ ਕੇਸ ‘ਚ ਪਾਲਤੂ ਕੁੱਤੇ ਨੇ ਦਿਵਾਇਆ ਇਨਸਾਫ਼, 5 ਸਾਲ ਬਾਅਦ ਕਾਤਲ ਨੂੰ ਉਮਰ ਕੈਦ

0
21

ਮੋਹਾਲੀ: “ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ”—ਇਸ ਕਹਾਵਤ ਨੂੰ ਮੋਹਾਲੀ ਦੇ ਇੱਕ ਸਨਸਨੀਖੇਜ਼ ਕਤਲ ਕੇਸ ਨੇ ਇੱਕ ਵਾਰ ਫਿਰ ਸੱਚ ਸਾਬਤ ਕਰ ਦਿੱਤਾ। ਆਪਣੇ ਮਾਲਕ ਦੀ ਮੌਤ ਤੋਂ ਬਾਅਦ ਪਾਲਤੂ ਕੁੱਤੇ ‘ਰੌਕੀ’ ਵੱਲੋਂ ਦਿੱਤੇ ਗਏ ਅਹਿਮ ਸੁਰਾਗਾਂ ਨੇ ਨਾ ਸਿਰਫ਼ ਪੁਲਿਸ ਨੂੰ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਮਦਦ ਕੀਤੀ, ਸਗੋਂ ਪੰਜ ਸਾਲ ਬਾਅਦ ਮੁੱਖ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਵੀ ਦਿਵਾ ਦਿੱਤੀ।

ਇਹ ਮਾਮਲਾ 12 ਜੂਨ 2021 ਦਾ ਹੈ। ਛੋਟੀ ਬੜੀ ਨੱਗਲ ਪਿੰਡ ਦਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਰਾਉਣ ਲਈ ਘਰੋਂ ਨਿਕਲਿਆ ਸੀ, ਪਰ ਸ਼ਾਮ ਤੱਕ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਉਸ ਦਾ ਪਾਲਤੂ ਕੁੱਤਾ ਰੌਕੀ ਲਗਾਤਾਰ ਪਰਿਵਾਰਕ ਮੈਂਬਰਾਂ ਨੂੰ ਇੱਕ ਖੇਤ ਵੱਲ ਲੈ ਜਾਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਇੱਕ ਖਾਸ ਥਾਂ ‘ਤੇ ਖੜ੍ਹ ਕੇ ਵਾਰ-ਵਾਰ ਭੌਂਕਦਾ ਰਿਹਾ।

ਕੁੱਤੇ ਦੀ ਇਸ ਹਰਕਤ ‘ਤੇ ਸ਼ੱਕ ਹੋਣ ‘ਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੇ ਰੌਕੀ ਵੱਲੋਂ ਦਿਖਾਈ ਗਈ ਥਾਂ ‘ਤੇ ਖੁਦਾਈ ਕਰਵਾਈ ਤਾਂ ਉੱਥੋਂ ਸੁੱਚਾ ਸਿੰਘ ਦੀ ਲਾਸ਼ ਬਰਾਮਦ ਹੋਈ, ਜਿਸ ਦਾ ਸਿਰ ਧੜ ਤੋਂ ਵੱਖ ਕੀਤਾ ਗਿਆ ਸੀ। ਇਸ ਅਹਿਮ ਸੁਰਾਗ ਨੇ ਜਾਂਚ ਦੀ ਦਿਸ਼ਾ ਹੀ ਬਦਲ ਦਿੱਤੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ਼ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਸਨ, ਜਿਸ ਦੇ ਕਰੀਬ 40 ਹਜ਼ਾਰ ਰੁਪਏ ਬਕਾਇਆ ਸਨ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਗੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਜਾਂਚ ਦੌਰਾਨ ਕਤਲ ਨਾਲ ਜੁੜੇ ਹੋਰ ਸਬੂਤ ਵੀ ਇਕੱਠੇ ਕਰ ਲਏ। ਬਾਅਦ ਵਿੱਚ ਮੁਲਜ਼ਮਾਂ ਵੱਲੋਂ ਵੱਖਰੀ ਥਾਂ ‘ਤੇ ਸੁੱਟਿਆ ਗਿਆ ਸੁੱਚਾ ਸਿੰਘ ਦਾ ਸਿਰ ਵੀ ਬਰਾਮਦ ਕਰ ਲਿਆ ਗਿਆ।

ਲੰਬੀ ਸੁਣਵਾਈ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਮਾਮਲਾ ਸਿਰਫ਼ ਇੱਕ ਕਤਲ ਦੀ ਗੁੱਥੀ ਸੁਲਝਣ ਦੀ ਕਹਾਣੀ ਨਹੀਂ, ਸਗੋਂ ਇੱਕ ਵਫ਼ਾਦਾਰ ਪਾਲਤੂ ਕੁੱਤੇ ਦੀ ਉਸ ਨਿਭਾਈ ਗਈ ਦੋਸਤੀ ਦੀ ਮਿਸਾਲ ਵੀ ਹੈ, ਜਿਸ ਨੇ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here