Tuesday, July 21, 2026
Home National ਭਾਰੀ ਮੀਂਹ ਕਾਰਨ ਲਗਾਤਾਰ ਦੂਜੇ ਦਿਨ ਵੀ ਵੈਸ਼ਨੋ ਦੇਵੀ ਯਾਤਰਾ ਮੁਅੱਤਲ, ਸ਼ਰਧਾਲੂਆਂ...

ਭਾਰੀ ਮੀਂਹ ਕਾਰਨ ਲਗਾਤਾਰ ਦੂਜੇ ਦਿਨ ਵੀ ਵੈਸ਼ਨੋ ਦੇਵੀ ਯਾਤਰਾ ਮੁਅੱਤਲ, ਸ਼ਰਧਾਲੂਆਂ ਨੂੰ ਉਡੀਕ ਕਰਨ ਦੀ ਅਪੀਲ

0
15

ਕਟੜਾ (ਜੰਮੂ-ਕਸ਼ਮੀਰ): ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਮੁਅੱਤਲ ਰਹੀ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰਾਈਨ ਬੋਰਡ ਅਤੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਅਧਿਕਾਰੀਆਂ ਮੁਤਾਬਕ ਤ੍ਰਿਕੂਟਾ ਪਹਾੜੀਆਂ ਵਿੱਚ ਭਾਰੀ ਮੀਂਹ ਕਾਰਨ ਭੂ-ਖਿਸਕਣ ਅਤੇ ਪੱਥਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਕਰਕੇ ਯਾਤਰਾ ਮਾਰਗ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ।

ਪ੍ਰਸ਼ਾਸਨ ਨੇ ਕਟੜਾ ਵਿੱਚ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਨੂੰ ਬੇਸ ਕੈਂਪਾਂ ਅਤੇ ਰਿਹਾਇਸ਼ ਕੇਂਦਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਵਿੱਚ ਸੁਧਾਰ ਅਤੇ ਯਾਤਰਾ ਮਾਰਗ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀ ਲਗਾਤਾਰ ਮੌਸਮ ਦੀ ਸਥਿਤੀ ਅਤੇ ਯਾਤਰਾ ਰੂਟ ਦੀ ਨਿਗਰਾਨੀ ਕਰ ਰਹੇ ਹਨ।

ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਪੂੰਛ, ਰਾਜੌਰੀ ਅਤੇ ਹੋਰ ਪਹਾੜੀ ਖੇਤਰਾਂ ਵਿੱਚ ਅਚਾਨਕ ਆਏ ਹੜ੍ਹ ਅਤੇ ਭੂ-ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਬਚਾਅ ਕਾਰਜ ਜਾਰੀ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੈਸ਼ਨੋ ਦੇਵੀ ਯਾਤਰਾ ਦੇ ਨਾਲ-ਨਾਲ ਅਮਰਨਾਥ ਯਾਤਰਾ ‘ਤੇ ਵੀ ਅਸਥਾਈ ਰੋਕ ਜਾਰੀ ਰੱਖੀ ਹੈ।

ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਧਿਕਾਰਤ ਸੂਚਨਾਵਾਂ ‘ਤੇ ਹੀ ਭਰੋਸਾ ਕਰਨ ਅਤੇ ਮੌਸਮ ਸਾਫ਼ ਹੋਣ ਤੱਕ ਯਾਤਰਾ ਸ਼ੁਰੂ ਕਰਨ ਤੋਂ ਪਰਹੇਜ਼ ਕਰਨ।

LEAVE A REPLY

Please enter your comment!
Please enter your name here