Tuesday, July 21, 2026
Home Punjab ਫਰੀਦਕੋਟ ਫਾਰਮੇਸੀ ਭਰਤੀ ਪ੍ਰੀਖਿਆ ‘ਚ ਵੱਡਾ ਨਕਲ ਰੈਕੇਟ ਬੇਨਕਾਬ, ਉਮੀਦਵਾਰਾਂ ਤੋਂ ₹3.5...

ਫਰੀਦਕੋਟ ਫਾਰਮੇਸੀ ਭਰਤੀ ਪ੍ਰੀਖਿਆ ‘ਚ ਵੱਡਾ ਨਕਲ ਰੈਕੇਟ ਬੇਨਕਾਬ, ਉਮੀਦਵਾਰਾਂ ਤੋਂ ₹3.5 ਲੱਖ ਤੋਂ ₹13 ਲੱਖ ਤੱਕ ਵਸੂਲਣ ਦੇ ਦੋਸ਼

0
8

ਫਰੀਦਕੋਟ: ਪੰਜਾਬ ਵਿੱਚ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਕਰਵਾਈ ਗਈ ਪ੍ਰੀਖਿਆ ਦੌਰਾਨ ਇੱਕ ਵੱਡੇ ਨਕਲ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਅੰਤਰਰਾਜੀ ਗਿਰੋਹ ਨੇ ਆਧੁਨਿਕ ਇਲੈਕਟ੍ਰਾਨਿਕ ਉਪਕਰਨਾਂ ਦੀ ਮਦਦ ਨਾਲ ਪ੍ਰੀਖਿਆ ਵਿੱਚ ਨਕਲ ਕਰਵਾਉਣ ਦੀ ਸਾਜ਼ਿਸ਼ ਰਚੀ। ਇਸ ਮਾਮਲੇ ਵਿੱਚ 7 ਕਥਿਤ ਮਾਸਟਰਮਾਈਂਡ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ 27 ਵਾਇਰਲੈੱਸ ਬਲੂਟੁੱਥ ਡਿਵਾਈਸ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਜਾਂਚ ਮੁਤਾਬਕ ਇਹ ਗਿਰੋਹ ਉਮੀਦਵਾਰਾਂ ਤੋਂ ਪ੍ਰੀਖਿਆ ਪਾਸ ਕਰਵਾਉਣ ਦੇ ਨਾਂ ‘ਤੇ ₹3.5 ਲੱਖ ਤੋਂ ₹13 ਲੱਖ ਤੱਕ ਦੀ ਰਕਮ ਵਸੂਲ ਰਿਹਾ ਸੀ। ਕਈ ਉਮੀਦਵਾਰਾਂ ਤੋਂ ਪੋਸਟ-ਡੇਟਿਡ ਚੈਕ ਵੀ ਲਏ ਗਏ ਸਨ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਇੱਕ ਦੋਸ਼ੀ ਨੇ ਲੁਕਵੇਂ ਪੈਨ ਕੈਮਰੇ ਨਾਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਭੇਜੀਆਂ, ਜਿਨ੍ਹਾਂ ਨੂੰ ਹਰਿਆਣਾ ਅਤੇ ਫਰੀਦਕੋਟ ਵਿੱਚ ਬੈਠੇ ਸਾਥੀਆਂ ਤੱਕ ਪਹੁੰਚਾਇਆ ਗਿਆ। ਉੱਥੋਂ ਸਾਲਵਰਾਂ ਨੇ ਬਲੂਟੁੱਥ ਡਿਵਾਈਸਾਂ ਰਾਹੀਂ ਪ੍ਰੀਖਿਆ ਹਾਲਾਂ ਵਿੱਚ ਬੈਠੇ ਉਮੀਦਵਾਰਾਂ ਨੂੰ ਰੀਅਲ ਟਾਈਮ ਵਿੱਚ ਉੱਤਰ ਦੱਸੇ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS) ਦੇ ਫਲਾਇੰਗ ਸਕੁਆਡ ਨੇ ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਕਈ ਉਮੀਦਵਾਰਾਂ ਕੋਲੋਂ ਪੱਗਾਂ, ਜੁਰਾਬਾਂ ਅਤੇ ਹੋਰ ਥਾਵਾਂ ‘ਚ ਲੁਕਾਏ ਬਲੂਟੁੱਥ ਡਿਵਾਈਸ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਵੱਡੀ ਕਾਰਵਾਈ ਕੀਤੀ ਗਈ।

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਜਾਂ ਕਿਸੇ ਸਰਕਾਰੀ ਅਧਿਕਾਰੀ ਦੀ ਮਿਲੀਭੁਗਤ ਦੇ ਸਬੂਤ ਨਹੀਂ ਮਿਲੇ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਗਿਰੋਹ ਨੇ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਹੀ ਪ੍ਰਸ਼ਨ ਪੱਤਰ ਬਾਹਰ ਭੇਜ ਕੇ ਨਕਲ ਕਰਵਾਈ। ਮਾਮਲੇ ਸਬੰਧੀ ਐਫਆਈਆਰ ਦਰਜ ਕਰਕੇ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here