ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਨਮੀ ਵਾਲੀ ਗਰਮੀ ਤੋਂ ਲੋਕਾਂ ਨੂੰ ਜਲਦ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ 20 ਤੋਂ 22 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਮਾਨਸੂਨ ਮੁੜ ਸਰਗਰਮ ਹੋਣ ਨਾਲ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ।
ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਨਮੀ ਦਾ ਪੱਧਰ ਕਾਫ਼ੀ ਵੱਧ ਗਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 4.5 ਡਿਗਰੀ ਵੱਧ ਦਰਜ ਕੀਤਾ ਗਿਆ। ਉੱਥੇ ਹੀ ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਨਮੀ 83 ਫੀਸਦੀ ਤੱਕ ਪਹੁੰਚਣ ਕਾਰਨ ਲੋਕਾਂ ਨੂੰ ਸਾਰਾ ਦਿਨ ਹੁੰਮਸ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਪਰ ਇਸ ਦੇ ਬਾਵਜੂਦ ਗਰਮੀ ਦਾ ਅਸਰ ਘੱਟ ਨਹੀਂ ਹੋਇਆ। ਬਠਿੰਡਾ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਰਿਹਾ। ਦੂਜੇ ਪਾਸੇ ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਯੈਲੋ ਅਲਰਟ ਦੌਰਾਨ ਮੌਸਮ ਦੀਆਂ ਤਾਜ਼ਾ ਜਾਣਕਾਰੀਆਂ ‘ਤੇ ਨਜ਼ਰ ਰੱਖਣ, ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਅਤੇ ਭਾਰੀ ਮੀਂਹ ਵਾਲੇ ਇਲਾਕਿਆਂ ਵਿੱਚ ਸਾਵਧਾਨੀ ਵਰਤਣ।







