ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਪੈਟਰੋਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਮੁੱਖ ਤੌਰ ’ਤੇ ਦੋ ਮੰਗਾਂ ਰੱਖਦਿਆਂ ਕਿਹਾ ਕਿ ਦੇਸ਼ ਦੇ ਹਰ ਪੈਟਰੋਲ ਪੰਪ ’ਤੇ ਵਾਹਨ ਮਾਲਕਾਂ ਨੂੰ ਈ-20 ਅਤੇ ਸ਼ੁੱਧ ਪੈਟਰੋਲ ਵਿਚੋਂ ਚੋਣ ਕਰਨ ਦਾ ਵਿਕਲਪ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈ-20 ਪੈਟਰੋਲ ਦੀ ਕੀਮਤ ਆਮ ਪੈਟਰੋਲ ਨਾਲੋਂ ਘੱਟ ਕਰਨ ਦੀ ਮੰਗ ਵੀ ਕੀਤੀ ਹੈ।
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਨੂੰ ਲੈ ਕੇ ਦੇਸ਼ ਭਰ ਦੇ ਕਈ ਵਾਹਨ ਮਾਲਕ ਆਪਣੀਆਂ ਸਮੱਸਿਆਵਾਂ ਸਾਹਮਣੇ ਲਿਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਵਾਹਨਾਂ ਦੀ ਮਾਈਲੇਜ ਘਟਣ ਅਤੇ ਕੁਝ ਪੁਰਜ਼ਿਆਂ ਤੇ ਕੰਪੋਨੈਂਟਸ ’ਤੇ ਮਾੜਾ ਅਸਰ ਪੈਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਚਿੰਤਾਵਾਂ ਸੁਣ ਕੇ ਇਸ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੰਗ ਇਹ ਹੈ ਕਿ ਹਰ ਪੈਟਰੋਲ ਪੰਪ ’ਤੇ ਸ਼ੁੱਧ ਪੈਟਰੋਲ ਅਤੇ ਈ-20 ਦੋਵੇਂ ਉਪਲਬਧ ਕਰਵਾਏ ਜਾਣ। ਉਨ੍ਹਾਂ ਅਨੁਸਾਰ ਜਿਹੜੇ ਵਾਹਨ ਮਾਲਕ ਸ਼ੁੱਧ ਪੈਟਰੋਲ ਦੀ ਵਰਤੋਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਵਿਕਲਪ ਮਿਲਣਾ ਚਾਹੀਦਾ ਹੈ, ਜਦਕਿ ਈ-20 ਵਰਤਣ ਦੇ ਇੱਛੁਕ ਲੋਕ ਇਸ ਦੀ ਚੋਣ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਮਾਲਕ ਨੂੰ ਅਜਿਹਾ ਬਾਲਣ ਵਰਤਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨੂੰ ਉਹ ਆਪਣੇ ਵਾਹਨ ਲਈ ਢੁੱਕਵਾਂ ਨਹੀਂ ਮੰਨਦਾ।
ਦੂਜੀ ਮੰਗ ਬਾਰੇ ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਦੀ ਕੀਮਤ ਆਮ ਪੈਟਰੋਲ ਨਾਲੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਈ-20 ਦੀ ਵਰਤੋਂ ਨਾਲ ਵਾਹਨਾਂ ਦੀ ਮਾਈਲੇਜ ਘੱਟ ਮਿਲਦੀ ਹੈ ਤਾਂ ਖਪਤਕਾਰਾਂ ਨੂੰ ਇਸ ਲਈ ਆਮ ਪੈਟਰੋਲ ਦੇ ਬਰਾਬਰ ਕੀਮਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੇ ਇਸ ਮੁੱਦੇ ਦੇ ਤਕਨੀਕੀ ਅਤੇ ਆਰਥਿਕ ਪਹਿਲੂਆਂ ’ਤੇ ਵੀ ਵਿਚਾਰ ਕਰਨ ਦੀ ਮੰਗ ਕੀਤੀ।
ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਹੋਈ ਗੱਲਬਾਤ, ਵਾਹਨ ਮਾਲਕਾਂ ਦੇ ਅਨੁਭਵ ਅਤੇ ਈ-20 ਨਾਲ ਜੁੜੀਆਂ ਚਿੰਤਾਵਾਂ ਨੂੰ ਪ੍ਰਧਾਨ ਮੰਤਰੀ ਸਾਹਮਣੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਵੱਲੋਂ ਜਲਦੀ ਮੁਲਾਕਾਤ ਲਈ ਸਮਾਂ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਈ-20 ਦੇ ਮੁੱਦੇ ’ਤੇ ਦੇਸ਼ ਪੱਧਰੀ ਆਨਲਾਈਨ ਪਟੀਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਜਾਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦਿੱਤੇ ਲਿੰਕ ਰਾਹੀਂ ਪਟੀਸ਼ਨ ’ਤੇ ਦਸਤਖਤ ਕਰਨ ਅਤੇ ਆਪਣੇ ਵਾਹਨਾਂ ਨਾਲ ਜੁੜੇ ਅਨੁਭਵ ਸਾਂਝੇ ਕਰਨ।
ਉਨ੍ਹਾਂ ਕਿਹਾ ਕਿ ਪਟੀਸ਼ਨ ਵਿੱਚ ਵਾਹਨ ਮਾਲਕ ਆਪਣੀ ਗੱਡੀ ਦਾ ਮਾਡਲ, ਪਹਿਲਾਂ ਅਤੇ ਹੁਣ ਮਿਲ ਰਹੀ ਮਾਈਲੇਜ ਅਤੇ ਵਾਹਨ ਵਿੱਚ ਆਈ ਕਿਸੇ ਤਕਨੀਕੀ ਸਮੱਸਿਆ ਬਾਰੇ ਜਾਣਕਾਰੀ ਦੇ ਸਕਦੇ ਹਨ। ਕੇਜਰੀਵਾਲ ਅਨੁਸਾਰ ਇਕੱਠੀਆਂ ਹੋਣ ਵਾਲੀਆਂ ਪਟੀਸ਼ਨਾਂ ਅਤੇ ਲੋਕਾਂ ਦੇ ਅਨੁਭਵਾਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਵੇਗਾ।
ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਪੈਟਰੋਲ ਪੰਪਾਂ ਅਤੇ ਵਾਹਨ ਸਰਵਿਸ ਸੈਂਟਰਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਵੀ ਪੈਟਰੋਲ ਪੰਪਾਂ ਅਤੇ ਸਰਵਿਸ ਸਟੇਸ਼ਨਾਂ ’ਤੇ ਜਾ ਕੇ ਵਾਹਨ ਮਾਲਕਾਂ ਦੇ ਅਨੁਭਵ ਜਾਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾਂ ਅਤੇ ਤਜਰਬਿਆਂ ਬਾਰੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੇ ਕਰ ਸਕਦੇ ਹਨ, ਤਾਂ ਜੋ ਇਹ ਮੁੱਦਾ ਸਰਕਾਰ ਤੱਕ ਪਹੁੰਚ ਸਕੇ।
ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਵਿੱਚ ਕੇਜਰੀਵਾਲ ਨੇ ਦਾਅਵਾ ਕੀਤਾ ਕਿ 2023 ਤੋਂ ਪਹਿਲਾਂ ਬਣੇ ਵੱਡੀ ਗਿਣਤੀ ਵਿੱਚ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਮਾਲਕ ਈ-20 ਦੀ ਵਰਤੋਂ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕਈ ਪੁਰਾਣੇ ਵਾਹਨਾਂ ਦੇ ਮੈਨੂਅਲ ਵਿੱਚ ਸ਼ੁੱਧ ਪੈਟਰੋਲ ਜਾਂ ਈ-10 ਤੱਕ ਦੇ ਬਾਲਣ ਦੀ ਵਰਤੋਂ ਦਾ ਜ਼ਿਕਰ ਹੈ, ਜਿਸ ਕਾਰਨ ਵਾਹਨ ਮਾਲਕ ਈ-20 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਸਵਾਲ ਉਠਾ ਰਹੇ ਹਨ।
ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੈਟਰੋਲ ਪੰਪਾਂ ’ਤੇ ਸ਼ੁੱਧ ਪੈਟਰੋਲ ਅਤੇ ਈ-20 ਦੋਵੇਂ ਵਿਕਲਪ ਉਪਲਬਧ ਕਰਵਾਏ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਈ-20 ਤੋਂ ਮਿਲਣ ਵਾਲੀ ਮਾਈਲੇਜ ਅਤੇ ਇਸ ਦੀ ਊਰਜਾ ਸਮਰੱਥਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਕੀਮਤ ਦੀ ਸਮੀਖਿਆ ਕੀਤੀ ਜਾਵੇ।







