Wednesday, July 8, 2026
Home Punjab ‘ਕਾਂਗਰਸ ਦਾ ਪ੍ਰਧਾਨ ਬਦਲਣਾ ਗੁੱਡੇ-ਗੁੱਡੀਆਂ ਦਾ ਖੇਡ ਨਹੀਂ’, ਭੂਪੇਸ਼ ਬਘੇਲ ਨੇ...

‘ਕਾਂਗਰਸ ਦਾ ਪ੍ਰਧਾਨ ਬਦਲਣਾ ਗੁੱਡੇ-ਗੁੱਡੀਆਂ ਦਾ ਖੇਡ ਨਹੀਂ’, ਭੂਪੇਸ਼ ਬਘੇਲ ਨੇ ਅਫ਼ਵਾਹਾਂ ‘ਤੇ ਲਗਾਈ ਰੋਕ

0
4

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਅੰਦਰੂਨੀ ਫੇਰਬਦਲ ਅਤੇ ਪ੍ਰਧਾਨ ਬਦਲੇ ਜਾਣ ਦੀਆਂ ਚੱਲ ਰਹੀਆਂ ਅਫ਼ਵਾਹਾਂ ‘ਤੇ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਸਪੱਸ਼ਟ ਰੁਖ ਅਖ਼ਤਿਆਰ ਕਰਦਿਆਂ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਫ਼ੈਸਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ ਅਤੇ ਅਜਿਹੀਆਂ ਚਰਚਾਵਾਂ ਦਾ ਕੋਈ ਆਧਾਰ ਨਹੀਂ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਭੂਪੇਸ਼ ਬਘੇਲ ਨੇ ਤਨਜ਼ ਕਰਦਿਆਂ ਕਿਹਾ, “ਪਾਰਟੀ ਦਾ ਪ੍ਰਧਾਨ ਬਦਲਣਾ ਕੋਈ ਗੁੱਡੇ-ਗੁੱਡੀਆਂ ਦਾ ਖੇਡ ਨਹੀਂ ਹੈ।” ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਹੱਕ ਵਿੱਚ ਪੂਰੀ ਸਹਿਮਤੀ ਜਤਾਈ ਹੈ ਅਤੇ ਪਾਰਟੀ ਦੇ ਅੰਦਰ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੈ।

ਬਘੇਲ ਨੇ ਕਿਹਾ ਕਿ ਉਹ ਪੰਜਾਬ ਇੰਚਾਰਜ ਵਜੋਂ ਲਗਾਤਾਰ ਸੂਬੇ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਤਾਂ ਜੋ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਜਲਦ ਹੀ ਉਨ੍ਹਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੰਗਠਨਕ ਮਾਮਲਿਆਂ ‘ਤੇ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਆਗੂਆਂ ਨੂੰ ਇੱਕਜੁੱਟ ਕਰਨ ਦੀ ਮੁਹਿੰਮ ਤਹਿਤ ਉਹ ਬੀਤੀ ਸ਼ਾਮ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਗ੍ਰਹਿ ਵਿਖੇ ਡਿਨਰ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਕਈ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀ ਰਣਨੀਤੀ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

 

LEAVE A REPLY

Please enter your comment!
Please enter your name here