ਮੋਹਾਲੀ: ਪੰਜਾਬ ਵਿੱਚ ਮਾਨਸੂਨ ਦੀ ਐਂਟਰੀ ਹੋਣ ਦੇ ਬਾਵਜੂਦ ਉਮੀਦ ਮੁਤਾਬਕ ਬਾਰਿਸ਼ ਨਹੀਂ ਹੋਈ, ਜਿਸ ਕਾਰਨ ਨਮੀ ਅਤੇ ਗਰਮੀ ਵਿੱਚ ਵਾਧਾ ਹੋ ਗਿਆ ਹੈ। ਮੌਸਮ ਵਿੱਚ ਵਧੀ ਉਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਗਲਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਫਰੀਦਕੋਟ ਵਿੱਚ ਸਭ ਤੋਂ ਵੱਧ 42.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ 8 ਅਤੇ 9 ਜੁਲਾਈ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ 48 ਘੰਟੇ ਮੌਸਮ ਦੇ ਹਿਸਾਬ ਨਾਲ ਕਾਫ਼ੀ ਮਹੱਤਵਪੂਰਨ ਰਹਿਣਗੇ। ਵਿਭਾਗ ਅਨੁਸਾਰ ਅੱਜ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉੱਥੇ ਹੀ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਵਿੱਚ ਵੀ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਸਮਾਨ ਬੱਦਲਵਾਈ ਰਹੇਗਾ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਵੀ ਕੁਝ ਗਿਰਾਵਟ ਆ ਸਕਦੀ ਹੈ।







