Monday, July 6, 2026
Home Patiala Updates 6 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਅਗਨੀਵੀਰ ਭਰਤੀ ਰੈਲੀ 30 ਜੁਲਾਈ ਤੋਂ 10...

6 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਅਗਨੀਵੀਰ ਭਰਤੀ ਰੈਲੀ 30 ਜੁਲਾਈ ਤੋਂ 10 ਅਗਸਤ ਤੱਕ

0
2

ਪਟਿਆਲਾ: ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨਾਲ ਮਿਲ ਕੇ 30 ਜੁਲਾਈ ਤੋਂ 10 ਅਗਸਤ 2026 ਤੱਕ ਹੋਣ ਵਾਲੀ ਆਗਾਮੀ ਏਆਰਓ ਪਟਿਆਲਾ ਅਗਨੀਵੀਰ ਭਰਤੀ ਰੈਲੀ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਾਲੰਧਰ ਸਥਿਤ ਜੋਨਲ ਭਰਤੀ ਦਫ਼ਤਰ ਦੇ ਅਧੀਨ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ 30 ਜੁਲਾਈ ਤੋਂ 10 ਅਗਸਤ 2026 ਤੱਕ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਭਾਰਤੀ ਫੌਜ ਵਿੱਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ। ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਮਾਲੇਰਕੋਟਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹ ਯੋਗ ਨੌਜਵਾਨ, ਜਿਨ੍ਹਾਂ ਨੇ ਸੀਈਈ ਪ੍ਰੀਖਿਆ ਪਾਸ ਕੀਤੀ ਹੈ (ਜਿਸ ਦਾ ਨਤੀਜਾ ਬਹੁਤ ਜਲਦੀ ਐਲਾਨਿਆ ਜਾਵੇਗਾ), ਇਸ ਰੈਲੀ ਵਿੱਚ ਹਿੱਸਾ ਲੈ ਸਕਣਗੇ।

ਇਸ ਸਬੰਧੀ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨੇ ਕਿਹਾ ਕਿ ਪੰਜਾਬ ਦੀ ਪਹਿਲੀ ਅਤੇ ਸਭ ਤੋਂ ਵੱਡੀ ਭਰਤੀ ਰੈਲੀ ਹੋਣ ਦੇ ਕਾਰਨ ਭਰਤੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਪਾਰਦਰਸ਼ੀ, ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ 12,000 ਤੋਂ ਵੱਧ ਉਮੀਦਵਾਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਏਆਰਓ ਪਟਿਆਲਾ ਭਰਤੀ ਰੈਲੀ ਸਿਵਲ-ਮਿਲਟਰੀ ਤਾਲਮੇਲ ਦੀ ਇੱਕ ਸ਼ਾਨਦਾਰ ਮਿਸਾਲ ਹੈ, ਜਿਸ ਦਾ ਨਤੀਜਾ ਸਾਲ 2024 ਅਤੇ 2025 ਦੀਆਂ ਅਗਨੀਵੀਰ ਭਰਤੀ ਰੈਲੀਆਂ ਵਿੱਚ ਵੇਖਣ ਨੂੰ ਮਿਲਿਆ, ਜਿਨ੍ਹਾਂ ਨੂੰ ਉਮੀਦਵਾਰਾਂ ਅਤੇ ਵੱਖ-ਵੱਖ ਸਿਵਲ ਅਤੇ ਮਿਲਟਰੀ ਮਾਣਯੋਗ ਸ਼ਖਸੀਅਤਾਂ ਵੱਲੋਂ ਬਹੁਤ ਸਰਾਹਿਆ ਅਤੇ ਪਸੰਦ ਕੀਤਾ ਗਿਆ।

ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਰਤੀ ਰੈਲੀ ਨੂੰ ਸਫਲਤਾਪੂਰਵਕ ਕਰਵਾਉਣ ਲਈ ਭਾਰਤੀ ਫੌਜ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਪ੍ਰਸ਼ਾਸਨਿਕ ਅਤੇ ਬੁਨਿਆਦੀ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਰੈਲੀ ਦੌਰਾਨ ਸੁਚੱਜੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਭਰਤੀ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਿਰਧਾਰਤ ਮਿਤੀਆਂ ਅਨੁਸਾਰ ਰੈਲੀ ਵਿੱਚ ਸ਼ਾਮਲ ਹੋਣ ਅਤੇ ਆਪਣੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਲੈ ਕੇ ਆਉਣ।

LEAVE A REPLY

Please enter your comment!
Please enter your name here