ਚੰਡੀਗੜ੍ਹ: ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਕਿਸਾਨ ਭਵਨ ਟਰੈਫਿਕ ਲਾਈਟ ਪੁਆਇੰਟ ਤੋਂ ਰੈਲੀ ਚੌਕ ਤੱਕ ਜਾਣ ਵਾਲੀ ਸੜਕ 5 ਜੁਲਾਈ ਤੱਕ ਬੰਦ ਰਹੇਗੀ। ਸੜਕ ‘ਤੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਟਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰੂਟ ਦੀ ਬਜਾਏ ਵਿਕਲਪਕ ਮਾਰਗਾਂ ਦੀ ਵਰਤੋਂ ਕਰਨ, ਤਾਂ ਜੋ ਬੇਲੋੜੀ ਭੀੜ ਅਤੇ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਦੌਰਾਨ ਸੰਬੰਧਿਤ ਇਲਾਕਿਆਂ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ।
ਪੁਲਿਸ ਨੇ ਲੋਕਾਂ ਨੂੰ ਸੜਕ ‘ਤੇ ਲਗਾਏ ਗਏ ਟਰੈਫਿਕ ਸੰਕੇਤਾਂ ਦੀ ਪਾਲਣਾ ਕਰਨ ਅਤੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਰੂਟ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਕੰਮ ਪੂਰਾ ਹੋਣ ਤੋਂ ਬਾਅਦ ਸੜਕ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।



