Tuesday, August 11, 2026
Home Punjab Malerkotla ਐਸ.ਆਈ.ਆਰ.-2026  ਘਰ-ਘਰ ਜਾ ਕੇ ਗਣਨਾ ਫਾਰਮ  ਭਰਵਾਉਣਗੇ ਬੀ.ਐਲ.ਓਜ਼ -ਜ਼ਿਲ੍ਹਾ ਚੋਣ ਅਫ਼ਸਰ

ਐਸ.ਆਈ.ਆਰ.-2026  ਘਰ-ਘਰ ਜਾ ਕੇ ਗਣਨਾ ਫਾਰਮ  ਭਰਵਾਉਣਗੇ ਬੀ.ਐਲ.ਓਜ਼ -ਜ਼ਿਲ੍ਹਾ ਚੋਣ ਅਫ਼ਸਰ

0
20

·         ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ, ਕਿਸੇ ਵੀ ਯੋਗ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ – ਵਿਰਾਜ ਐਸ. ਤਿੜਕੇ

·         ਵੋਟਰ ਸੂਚੀਆਂ ਨੂੰ ਹੋਰ ਸ਼ੁੱਧ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਲਈ ਮੀਡੀਆ, ਰਾਜਨੀਤਿਕ ਪਾਰਟੀਆਂ ਅਤੇ ਨਾਗਰਿਕਾਂ ਦਾ ਸਹਿਯੋਗ ਅਹਿਮ

·         ਹਰ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਯਕੀਨੀ ਬਣਾਉਣਾ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਾ ਹੀ ਐੱਸ.ਆਈ.ਆਰ. ਦਾ ਉਦੇਸ਼

ਮਾਲੇਰਕੋਟਲਾ: ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਅੱਜ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.)-2026 ਦੇ ਦੂਜੇ ਪੜਾਅ ਦੀ ਸ਼ੁਰੂਆਤ 25 ਜੂਨ ਤੋਂ ਹੋ ਗਈ ਹੈ। ਇਸ ਤਹਿਤ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਘਰ-ਘਰ ਜਾ ਕੇ ਵੋਟਰਾਂ ਤੋਂ ਗਣਨਾ ਫਾਰਮ ਭਰਵਾਉਣਗੇ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਵਧੇਰੇ ਸਹੀ, ਪਾਰਦਰਸ਼ੀ ਅਤੇ ਤਰੁੱਟੀ ਰਹਿਤ ਬਣਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਪ੍ਰੀ ਐੱਸ.ਆਈ.ਆਰ. ਮੈਪਿੰਗ ਦੌਰਾਨ ਜ਼ਿਲ੍ਹੇ ਦੇ 3,25,433 ਵੋਟਰਾਂ ਵਿੱਚੋਂ 2,97,252 ਵੋਟਰਾਂ ਦੀ ਸਫਲਤਾਪੂਰਵਕ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕਿ ਕੁੱਲ ਵੋਟਰਾਂ ਦਾ 91.34 ਫ਼ੀਸਦੀ ਬਣਦਾ ਹੈ। ਇਸ ਵਿਸ਼ਾਲ ਮੁਹਿੰਮ ਨੂੰ ਸਫਲਤਾਪੂਰਵਕ ਅਮਲੀ ਜਾਮਾ ਪਹਿਨਾਉਣ ਲਈ 400 ਬੀ.ਐਲ.ਓਜ਼, 40 ਸੁਪਰਵਾਈਜ਼ਰ, 2 ਈ.ਆਰ.ਓਜ਼ ਅਤੇ 10 ਏ.ਈ.ਆਰ.ਓਜ਼ ਸਮੇਤ ਪੂਰਾ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।

ਤਿੜਕੇ ਨੇ ਸਪੱਸ਼ਟ ਕੀਤਾ ਕਿ ਐੱਸ.ਆਈ.ਆਰ. ਦਾ ਮਕਸਦ ਕਿਸੇ ਵੀ ਯੋਗ ਵੋਟਰ ਦੀ ਵੋਟ ਕੱਟਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ ਅਤੇ ਕੋਈ ਵੀ ਡੁਪਲੀਕੇਟ ਜਾਂ ਅਯੋਗ ਐਂਟਰੀ ਸੂਚੀ ਦਾ ਹਿੱਸਾ ਨਾ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮਾਂ ਰਾਹੀਂ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਅਫ਼ਵਾਹਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।

 ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਵੋਟਰਾਂ ਨੂੰ ਗਿਣਤੀ ਫਾਰਮ ਭਰਨ ਲਈ ਦਿੱਤੇ ਜਾਣਗ ਉਨ੍ਹਾਂ ਕਿਹਾ ਕਿ ਜੇ ਪਹਿਲੀ ਵਾਰ ਦੌਰਾਨ ਘਰ ਦੇ ਮੈਂਬਰ ਉਪਲਬਧ ਨਾ ਹੋਣ ਤਾਂ ਬੀ.ਐਲ.ਓਜ਼ ਵੱਲੋਂ ਗਿਣਤੀ ਫਾਰਮ ਉਨ੍ਹਾਂ ਦੇ ਘਰ ਦੇ ਦਰਵਾਜ਼ੇ ’ਤੇ ਛੱਡ ਦਿੱਤੇ ਜਾਣਗੇ ਅਤੇ ਅਗਲੀ ਬੀ.ਐਲ.ਓ ਵਿਜਟ ਦੌਰਾਨ ਇਹ ਭਰੇ ਹੋਏ ਫਾਰਮ ਇਕੱਠੇ ਕੀਤੇ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਪਾਸਪੋਰਟ ਧਾਰਕ ਐਨ.ਆਰ.ਆਈ. ਵੀ ਆਨਲਾਈਨ ਜਾਂ ਇੱਥੇ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਗਣਨਾ ਫਾਰਮ ਭਰ ਕੇ ਦੇ ਸਕਦੇ ਹਨ।

ਉਨ੍ਹਾਂ ਮੀਡੀਆ ਅਦਾਰਿਆਂ, ਸੋਸ਼ਲ ਮੀਡੀਆ ਪੇਜ ਸੰਚਾਲਕਾਂ ਅਤੇ ਡਿਜ਼ੀਟਲ ਇੰਫਲੂਐਂਸਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਵਿੱਚ ਆਪਣੀ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਹੋਏ ਸਿਰਫ਼ ਪ੍ਰਮਾਣਿਤ ਅਤੇ ਤੱਥਾਂ ਅਧਾਰਿਤ ਜਾਣਕਾਰੀ ਹੀ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਆਪਣੀ ਪਛਾਣ ਅਤੇ ਯੋਗਤਾ ਸਬੰਧੀ ਲੋੜੀਂਦੇ ਦਸਤਾਵੇਜ਼ ਜਿਵੇਂ ਜਨਮ ਪ੍ਰਮਾਣ ਪੱਤਰ, ਪਾਸਪੋਰਟ,ਮੈਟ੍ਰਿਕ ਸਰਟੀਫਿਕੇਟ,ਸਥਾਈ ਨਿਵਾਸ ਸਰਟੀਫਿਕੇਟ ਜਾਂ ਹੋਰ ਮਨਜ਼ੂਰਸ਼ੁਦਾ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਵੋਟਰਾਂ ਨੂੰ ਗਣਨਾ ਫਾਰਮ ਵਿੱਚ ਆਪਣਾ ਮੋਬਾਈਲ ਨੰਬਰ ਅਤੇ ਨਵੀਨਤਮ ਰੰਗੀਨ ਫੋਟੋ ਦਰਜ ਕਰਨ ਦੀ ਵੀ ਅਪੀਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਜਦਕਿ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਪ੍ਰਾਪਤ ਕੀਤੇ ਜਾਣਗੇ। ਇਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕਰਕੇ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ ਨੇ ਸਮੂਹ ਵੋਟਰਾਂ, ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਲੋਕਤੰਤਰੀ ਅਭਿਆਨ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ, ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਵੋਟਰ ਸੂਚੀਆਂ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਕਿਸੇ ਵੀ ਜਾਣਕਾਰੀ ਜਾਂ ਸ਼ੰਕਾ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ 1950 ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਸਥਾਪਿਤ ਹੈਲਪ ਡੈਸਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਭਾਗ ਦੀ ਈ-ਮੇਲ ਆਈ.ਡੀ grievanceredcell.mlk.pbsir2026@gmail.com ‘ਤੇ ਐਸ.ਆਈ.ਆਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ,ਚੋਣ ਤਹਿਸ਼ੀਲਦਾਰ ਬ੍ਰਿਜ ਮੋਹਨ,ਮਨਪ੍ਰੀਤ ਸਿੰਘ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here