ਚੰਡੀਗੜ੍ਹ : ਚੀਨ ਦੇ ਗੁਈਯਾਂਗ ਵਿੱਚ ਹੋਏ ਵਿਸ਼ਵ ਮੁੱਕੇਬਾਜ਼ੀ ਕੱਪ 2026 ਵਿੱਚ ਹਰਿਆਣਾ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਰੋਹਤਕ ਜ਼ਿਲ੍ਹੇ ਦੇ ਪਿੰਡ ਰੁੜਕੀ ਦੀ ਰਹਿਣ ਵਾਲੀ ਜੋਤੀ ਗੁਲੀਆ ਨੇ 48 ਕਿਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਖ਼ਾਸ ਗੱਲ ਇਹ ਹੈ ਕਿ ਜੋਤੀ ਇੱਕ ਆਟੋ ਚਾਲਕ ਦੀ ਧੀ ਹੈ। ਉਸ ਨੇ ਫਾਈਨਲ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਦੀ ਮਜ਼ਬੂਤ ਮੁੱਕੇਬਾਜ਼ ਅਤੇ 2025 ਵਿਸ਼ਵ ਕੱਪ ਦੀ ਚਾਂਦੀ ਤਗਮਾ ਜੇਤੂ ਖਿਡਾਰਨ ਨੂੰ ਹਰਾਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਜੋਤੀ ਦੀ ਇਸ ਉਪਲਬਧੀ ਨਾਲ ਉਸਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸੇ ਤਰ੍ਹਾਂ ਰੁੜਕੀ ਪਿੰਡ ਦੀ ਹੀ ਕਿਸਾਨ ਪਰਿਵਾਰ ਨਾਲ ਸਬੰਧਤ ਮੀਨਾਕਸ਼ੀ ਹੁੱਡਾ ਨੇ 51 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਮਾਣ ਦਿਵਾਇਆ। ਇਸ ਤੋਂ ਇਲਾਵਾ ਝੱਜਰ ਦੀ ਮੁੱਕੇਬਾਜ਼ ਪ੍ਰਾਚੀ ਨੇ ਵੀ ਚਾਂਦੀ ਦਾ ਤਗਮਾ ਜਿੱਤ ਕੇ ਹਰਿਆਣਾ ਦੀ ਝੋਲੀ ਵਿੱਚ ਇੱਕ ਹੋਰ ਕਾਮਯਾਬੀ ਪਾਈ।
ਹਰਿਆਣਾ ਦੀਆਂ ਇਨ੍ਹਾਂ ਤਿੰਨ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਦੇਸ਼ ਭਰ ਵਿੱਚ ਸਰਾਹਨਾ ਹੋ ਰਹੀ ਹੈ। ਖੇਡ ਪ੍ਰੇਮੀਆਂ ਅਤੇ ਖੇਡ ਅਧਿਕਾਰੀਆਂ ਨੇ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।









