Home Punjab Mansa ਸਿਹਤਮੰਦ ਅਤੇ ਤਣਾਅ ਰਹਿਤ ਜ਼ਿੰਦਗੀ ਜਿਉਣ ਵਿਚ ਸਹਾਈ ਹੈ ਯੋਗ: ਵਿਧਾਇਕ ਡਾ....

ਸਿਹਤਮੰਦ ਅਤੇ ਤਣਾਅ ਰਹਿਤ ਜ਼ਿੰਦਗੀ ਜਿਉਣ ਵਿਚ ਸਹਾਈ ਹੈ ਯੋਗ: ਵਿਧਾਇਕ ਡਾ. ਵਿਜੈ ਸਿੰਗਲਾ

0
19
ਮਾਨਸਾ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਵਿਧਾਇਕ ਡਾ. ਵਿਜੈ ਸਿੰਗਲਾ ਤੇ ਏ.ਡੀ.ਸੀ ਪੂਨਮ ਸਿੰਘ ਸਮੇਤ 400 ਤੋਂ ਵੱਧ ਲੋਕਾਂ ਨੇ ਸਾਂਝੇ ਯੋਗ ਅਭਿਆਸ ਰਾਹੀਂ ਦਿੱਤਾ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ
ਮਾਨਸਾ: ਆਯੁਰਵੈਦਿਕ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਾਂਝੇ ਉਪਰਾਲੇ ਤਹਿਤ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸੈਂਟਰਲ ਪਾਰਕ, ਮਾਨਸਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਮੁੱਖ ਮਹਿਮਾਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਵਿਸ਼ਾਲ ਸਮਾਗਮ ਵਿੱਚ 400 ਤੋਂ ਵਧੇਰੇ ਲੋਕਾਂ ਨੇ ਭਾਗ ਲੈ ਕੇ ਸਾਂਝੇ ਤੌਰ ’ਤੇ ਯੋਗ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੰਦੇਸ਼ ਦਿੱਤਾ। ਯੋਗ ਸਮਾਗਮ ਦੀ ਸ਼ੁਰੂਆਤ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਯੋਗ ਸਿਹਤਮੰਦ ਤੇ ਤਣਾਅ ਰਹਿਤ ਜੀਵਨ ਜਿਉਣ ਵਿਚ ਸਹਾਈ ਹੈ। 21 ਜੂਨ ਸਭ ਤੋਂ ਵੱਡਾ ਦਿਨ ਮੰਨਿਆ ਗਿਆ ਹੈ। ਇਸ ਦਿਨ ਸੂਰਜ ਦੀਆਂ ਕਿਰਨਾਂ ਜ਼ਿਆਦਾ ਸਮਾਂ ਧਰਤੀ ‘ਤੇ ਪੈਂਦੀਆਂ ਹਨ। ਰਿਸ਼ੀਆਂ ਮੁਨੀਆਂ ਤੇ ਯੋਗ ਗੁਰੂਆਂ ਵੱਲੋਂ ਇਸੇ ਲਈ ਇਸ ਦਿਨ ਨੂੰ ਯੋਗ ਦਿਵਸ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਯੋਗ ਨਾਲ ਜੁੜਨਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਨੇ ਕਿਹਾ ਕਿ ਯੋਗ ਨਾਲ ਤਨ ਤੇ ਮਨ ਨੂੰ ਆਰਾਮ ਮਿਲਦਾ ਹੈ। ਸਾਨੂੰ ਰੋਜ਼ਮਰਾ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਆਪਣੀ ਸਿਹਤ ਲਈ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਸੀ. ਐੱਮ ਦੀ ਯੋਗਸ਼ਾਲਾ ਕਾਰਗਰ ਸਿੱਧ ਹੋਈ ਹੈ ਜਿਸ ਰਾਹੀਂ ਅਨੇਕਾਂ ਲੋਕ ਯੋਗ ਨਾਲ ਜੁੜ ਕੇ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆ ਰਹੇ ਹਨ।  ਇਸ ਦੌਰਾਨ ਐੱਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਯੋਗਾ ਵਿਸ਼ੇ ’ਤੇ ਆਧਾਰਿਤ ਸੁੰਦਰ ਸੰਗੀਤਕ ਸੂਰਿਆ ਨਮਸਕਾਰ ਪੇਸ਼ ਕੀਤਾ ਗਿਆ।
ਮੰਚ ਉਪਰ ਯੋਗਾ ਇੰਸਟ੍ਰਕਟਰਾਂ ਵੱਲੋਂ ਕਾਮਨ ਯੋਗਾ ਪ੍ਰੋਟੋਕੋਲ ਅਨੁਸਾਰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀ ਸਰਲ ਤਰੀਕੇ ਨਾਲ ਵਿਸਥਾਰ ਪੂਰਵਕ ਯੋਗਾ ਸਿਖਲਾਈ ਦਿੱਤੀ ਗਈ ਜਿਸ ਤਹਿਤ ਸਮੂਹ ਹਾਜ਼ਰੀਨਾਂ ਵੱਲੋਂ ਪੂਰੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਸ਼ਮੂਲੀਅਤ ਕਰਕੇ ਯੋਗ ਅਭਿਆਸ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਯੋਗ ਅਤੇ ਆਯੁਰਵੇਦ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਸੰਦੇਸ਼ “ਯੋਗਾ ਫਾਰ ਹੈਲਥੀ ਏਜਿੰਗ” ਹੈ, ਯੋਗਾ ਸਿਰਫ ਸਰੀਰਿਕ ਕਸਰਤ ਹੀ ਨਹੀਂ ਸਗੋਂ ਮਨ, ਸਰੀਰ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਇੱਕ ਸੰਪੂਰਨ ਮਾਧਿਅਮ ਹੈ। ਨਿਯਮਤ ਯੋਗਾ ਅਭਿਆਸ ਨਾਲ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ।
ਇਸ ਮੌਕੇ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਮਾਨਸਾ ਡਾ ਨਮਿਤਾ ਗਰਗ ਵੱਲੋਂ ਹਲਕਾ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ, ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ ਨੂੰ ਯੋਗ ਅਤੇ ਆਯੁਰਵੇਦ ਦੇ ਪ੍ਰਚਾਰ-ਪ੍ਰਸਾਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਨਮੋਹਕ ਸੰਗੀਤਕ ਸੂਰਿਆ ਨਮਸਕਾਰ ਕਰਨ ਵਾਲੇ ਐੱਸ.ਡੀ. ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਵਿਸ਼ਾਲ ਯੋਗਾ ਸਮਾਗਮ ਦੌਰਾਨ ਲੋਕਾਂ ਨੂੰ ਆਯੁਰਵੇਦ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 400 ਤੋਂ ਵੱਧ ਔਸ਼ਧੀ ਗੁਣਾਂ ਵਾਲੇ ਆਯੁਰਵੇਦਿਕ ਪੌਦੇ ਮੁਫ਼ਤ ਵੰਡੇ ਗਏ। ਇਸ ਉਪਰੰਤ ਸਾਰੇ ਭਾਗੀਦਾਰਾਂ ਲਈ ਫਲਾਂ ਦੀ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀਮਤੀ ਮੰਜੂ ਬਾਲਾ,  ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਕੁਮਾਰ ਸ੍ਰੀਧਰ, ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here