ਪੰਚਕੂਲਾ: ਪੰਚਕੂਲਾ ਵਿੱਚ ਬੁੱਧਵਾਰ ਸਵੇਰੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਦੋ ਸ਼ੱਕੀ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਪੁਲਿਸ ਟੀਮ ‘ਤੇ ਫਾਇਰਿੰਗ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ।
ਪੁਲਿਸ ਅਨੁਸਾਰ, ਦੋਵੇਂ ਮੁਲਜ਼ਮ 15 ਜੂਨ ਨੂੰ ਹੋਈ ਅਗਵਾ ਅਤੇ ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਸਨ। ਮੁਕਾਬਲੇ ਦੌਰਾਨ ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਕੋਲੋਂ ਇੱਕ ਗੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਹੋਈ ਹੈ।
15 ਜੂਨ ਨੂੰ ਹੋਇਆ ਸੀ ਅਗਵਾ ਅਤੇ ਲੁੱਟ ਦਾ ਮਾਮਲਾ
ਪੁਲਿਸ ਮੁਤਾਬਕ 15 ਜੂਨ ਨੂੰ ਪਿੰਜੋਰ ਵਿੱਚ ਐਚਐਮਟੀ ਦੇ ਸਾਹਮਣੇ ਤੋਂ ਬਲਜਿੰਦਰ ਨਾਮਕ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਸੀ। ਦੋਸ਼ੀ ਉਸ ਨੂੰ ਇੱਕ ਸਕਾਰਪੀਓ ਗੱਡੀ ਵਿੱਚ ਬਿਠਾ ਕੇ ਲੈ ਗਏ ਅਤੇ ਉਸ ਕੋਲੋਂ ਕਰੀਬ 13 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਪਿੰਜੌਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਗਸ਼ਤ ਦੌਰਾਨ ਹੋਇਆ ਸਾਹਮਣਾ
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਬੁੱਧਵਾਰ ਸਵੇਰੇ ਕਰੀਬ 5:30 ਵਜੇ ਅਪਰਾਧ ਸ਼ਾਖਾ-19 ਦੀ ਟੀਮ ਬਰਵਾਲਾ ਇੰਡਸਟਰੀਅਲ ਏਰੀਆ ਵਿੱਚ ਦੋਸ਼ੀਆਂ ਦੀ ਭਾਲ ਲਈ ਪੈਦਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਪੁਲਿਸ ਟੀਮ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਦੋ ਰਾਊਂਡ ਫਾਇਰ ਕੀਤੇ।
ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਤਿੰਨ ਰਾਊਂਡ ਫਾਇਰ ਕੀਤੇ, ਜਿਸ ਵਿੱਚ ਭਿਵਾਨੀ ਦੇ ਅਲਾਉਦੀਨਪੁਰ ਨਿਵਾਸੀ ਯੋਗੇਸ਼ ਅਤੇ ਚਰਖੀ ਦਾਦਰੀ ਦੇ ਪਿਚੋਪਾ ਪਿੰਡ ਦੇ ਰਹਿਣ ਵਾਲੇ ਦੀਪੇਸ਼ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਹਸਪਤਾਲ ਵਿੱਚ ਇਲਾਜ ਜਾਰੀ
ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਇਸ ਸਮੇਂ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।



