ਨਵੀਂ ਦਿੱਲੀ: ਦੇਸ਼ ਦੇ ਨੌਂ ਰਾਜਾਂ ਵਿੱਚ ਪ੍ਰੀ-ਮੌਨਸੂਨ ਗਤੀਵਿਧੀਆਂ ਤੇਜ਼ ਹੋ ਗਈਆਂ ਹਨ, ਜਿਸ ਕਾਰਨ ਕਈ ਖੇਤਰਾਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਚਮਕ ਦਾ ਦੌਰ ਜਾਰੀ ਹੈ। ਮੰਗਲਵਾਰ ਨੂੰ ਦਿੱਲੀ-ਐਨਸੀਆਰ ਵਿੱਚ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜਿਸ ਨਾਲ ਇਹ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ ਬਣ ਗਿਆ।
ਮੌਸਮ ਵਿਭਾਗ ਨੇ 21 ਜੂਨ ਤੱਕ ਮੀਂਹ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ, ਰਾਜਸਥਾਨ ਦੇ ਸੀਕਰ ਅਤੇ ਬੀਕਾਨੇਰ ਵਿੱਚ ਮੀਂਹ ਪਿਆ, ਜਦਕਿ ਸ਼੍ਰੀ ਗੰਗਾਨਗਰ ਵਿੱਚ ਧੂੜ ਭਰੀ ਹਨੇਰੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਕਈ ਦੁਕਾਨਾਂ ਵਿੱਚ ਮਲਬਾ ਦਾਖਲ ਹੋ ਗਿਆ।
ਮੌਨਸੂਨ ਬਿਹਾਰ, ਝਾਰਖੰਡ ਅਤੇ ਓਡੀਸ਼ਾ ਵਿੱਚ ਅੱਗੇ ਵਧ ਚੁੱਕਾ ਹੈ, ਪਰ ਤੇਲੰਗਾਨਾ ਦੇ ਭਦਰਾਚਲਮ ਖੇਤਰ ਵਿੱਚ ਪਿਛਲੇ ਛੇ ਦਿਨਾਂ ਤੋਂ ਰੁਕਿਆ ਹੋਇਆ ਹੈ। ਇਸ ਕਾਰਨ ਛੱਤੀਸਗੜ੍ਹ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮੌਨਸੂਨੀ ਬਾਰਿਸ਼ ਦੇਰੀ ਨਾਲ ਪਹੁੰਚ ਰਹੀ ਹੈ। 4 ਜੂਨ ਨੂੰ ਕੇਰਲ ਪਹੁੰਚਣ ਤੋਂ ਬਾਅਦ ਮੌਨਸੂਨ ਸਿਰਫ਼ 13 ਦਿਨਾਂ ਵਿੱਚ 19 ਰਾਜਾਂ ਤੱਕ ਫੈਲ ਚੁੱਕਾ ਹੈ।
ਸੋਮਵਾਰ ਨੂੰ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਵਾਰਾਣਸੀ ਵਿੱਚ 43 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਬਾਂਦਾ ਅਤੇ ਪ੍ਰਯਾਗਰਾਜ ਵਿੱਚ 42.6 ਡਿਗਰੀ, ਖਜੂਰਾਹੋ ਵਿੱਚ 42.2 ਡਿਗਰੀ, ਬ੍ਰਹਮਪੁਰੀ ਵਿੱਚ 42.2 ਡਿਗਰੀ ਅਤੇ ਬੋਧ ਵਿੱਚ 42.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
18 ਜੂਨ ਲਈ ਮੌਸਮ ਦੀ ਭਵਿੱਖਬਾਣੀ
ਮੌਸਮ ਵਿਭਾਗ ਅਨੁਸਾਰ 18 ਜੂਨ ਨੂੰ ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬਿਹਾਰ ਦੇ ਕੁਝ ਇਲਾਕਿਆਂ ਵਿੱਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਸ ਤੋਂ ਇਲਾਵਾ ਆਸਾਮ, ਮੇਘਾਲਿਆ ਅਤੇ ਅਰੁਣਾਂਚਲ ਪ੍ਰਦੇਸ਼ ਦੇ ਨਾਲ-ਨਾਲ ਤਾਮਿਲਨਾਡੂ, ਪਾਂਡੂਚੇਰੀ ਅਤੇ ਕਰਨਾਟਕਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਵਿਦਰਭ ਖੇਤਰ ਵਿੱਚ ਗਰਜ-ਚਮਕ ਨਾਲ ਮੀਂਹ ਅਤੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਬਿਜਲੀ ਚਮਕਣ ਸਮੇਂ ਖੁੱਲ੍ਹੇ ਸਥਾਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।









