ਪੰਜਾਬ: ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨਾਲ ਜੁੜੇ ਵਿਵਾਦਤ ਮਾਮਲੇ ਦੀ ਸੁਣਵਾਈ ਲਈ ਅੱਜ ਪੰਜਾਬ ਸ਼ਡਿਊਲਡ ਕਾਸਟਸ ਕਮਿਸ਼ਨ ਅੱਗੇ ਪੇਸ਼ੀ ਨਿਰਧਾਰਤ ਸੀ। ਹਾਲਾਂਕਿ ਬਿੱਟੂ ਖੁਦ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਤਰਫੋਂ ਵਕੀਲ ਨੇ ਹਾਜ਼ਰ ਹੋ ਕੇ ਲੋੜੀਂਦੇ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਅੱਗੇ ਪੇਸ਼ ਕੀਤਾ।
ਇਸ ਦੌਰਾਨ ਸੰਗਰੂਰ ਦੇ ਐਸ.ਪੀ. ਰਾਜੇਸ਼ ਸਿੰਘ ਛਿੱਬਰ ਵੀ ਕਮਿਸ਼ਨ ਅੱਗੇ ਹਾਜ਼ਰ ਹੋਏ ਅਤੇ ਮਾਮਲੇ ਦੀ ਜਾਂਚ ਸਬੰਧੀ ਪੁਲਿਸ ਰਿਪੋਰਟ ਪੇਸ਼ ਕੀਤੀ। ਕਮਿਸ਼ਨ ਪਹਿਲਾਂ ਹੀ ਇਸ ਮਾਮਲੇ ਵਿੱਚ ਸੰਗਰੂਰ ਪੁਲਿਸ ਤੋਂ ਵਿਸਥਾਰਪੂਰਵਕ ਰਿਪੋਰਟ ਮੰਗ ਚੁੱਕਾ ਹੈ।
ਇਹ ਵਿਵਾਦ ਇੱਕ ਸੋਸ਼ਲ ਮੀਡੀਆ ਵੀਡੀਓ ਨਾਲ ਜੁੜਿਆ ਹੋਇਆ ਹੈ, ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਚਰਚਾ ਛਿੜ ਗਈ ਸੀ। ਵੀਡੀਓ ਦੇ ਆਧਾਰ ’ਤੇ ਕਮਿਸ਼ਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਮਲੇ ਦਾ ਖੁਦ ਨੋਟਿਸ ਲਿਆ ਸੀ। ਬਾਅਦ ਵਿੱਚ ਰਵਨੀਤ ਬਿੱਟੂ ਨੇ ਆਪਣੇ ਬਿਆਨ ਨੂੰ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗੀ ਸੀ।
ਕਮਿਸ਼ਨ ਦੇ ਅਨੁਸਾਰ ਬਿੱਟੂ ਨੂੰ 4 ਜੂਨ 2026 ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਦਿੱਲੀ ਵਿੱਚ ਸਰਕਾਰੀ ਅਤੇ ਨਿੱਜੀ ਰੁਝੇਵਿਆਂ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਦੇ ਵਕੀਲਾਂ ਨੇ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨਾਲ ਸੰਪਰਕ ਕਰਕੇ ਹੋਰ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਸੁਣਵਾਈ 15 ਜੂਨ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਹੁਣ ਕਮਿਸ਼ਨ ਵੱਲੋਂ ਪ੍ਰਾਪਤ ਦਸਤਾਵੇਜ਼ਾਂ ਅਤੇ ਪੁਲਿਸ ਰਿਪੋਰਟ ਦੇ ਅਧਿਐਨ ਤੋਂ ਬਾਅਦ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ। ਕਮਿਸ਼ਨ ਨੇ ਸੰਕੇਤ ਦਿੱਤਾ ਹੈ ਕਿ ਅਗਲੀ ਸੁਣਵਾਈ ਦੌਰਾਨ ਕੇਸ ਦੀ ਦਿਸ਼ਾ ਅਤੇ ਅਗਲੇ ਕਾਨੂੰਨੀ ਕਦਮਾਂ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।









