ਜੰਮੂ-ਕਸ਼ਮੀਰ: ਬਾਰਾਮੁਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ (LoC) ਨੇੜੇ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਅਚਾਨਕ ਹੋਏ ਧਮਾਕੇ ਵਿੱਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨਾਲ ਫੌਜੀ ਅਦਾਰਿਆਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਉੜੀ ਦੇ ਕਮਾਲਕੋਟ ਖੇਤਰ ਵਿੱਚ ਬੀਤੀ ਸ਼ਾਮ ਕੰਟਰੋਲ ਰੇਖਾ ਦੇ ਅਗਾਂਹਲੇ ਇਲਾਕੇ ਵਿੱਚ ਅਚਾਨਕ ਧਮਾਕਾ ਹੋਇਆ। ਧਮਾਕੇ ਦੀ ਲਪੇਟ ਵਿੱਚ ਆਉਣ ਕਾਰਨ ਦੋਵੇਂ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜ਼ਖਮੀ ਜਵਾਨਾਂ ਨੂੰ ਤੁਰੰਤ 92 ਬੇਸ ਹਸਪਤਾਲ, ਸ਼੍ਰੀਨਗਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਗੰਭੀਰ ਸੱਟਾਂ ਕਾਰਨ ਦੋਵੇਂ ਜਵਾਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਸ਼ਹੀਦ ਜਵਾਨਾਂ ਦੀ ਪਛਾਣ ਵਿਕਰਮ ਬਾਲਕ੍ਰਿਸ਼ਨਾ ਚਵਾਨ, ਵਾਸੀ ਐਰੋਲੀ, ਮਹਾਰਾਸ਼ਟਰ ਅਤੇ ਅਰਜੁਨ ਰਾਜੇਂਦਰ ਜਾਦਵ, ਵਾਸੀ ਕਰਾੜ ਤਹਿਸੀਲ, ਸਤਾਰਾ ਜ਼ਿਲ੍ਹਾ, ਮਹਾਰਾਸ਼ਟਰ ਵਜੋਂ ਹੋਈ ਹੈ।
ਫੌਜ ਅਤੇ ਸੁਰੱਖਿਆ ਏਜੰਸੀਆਂ ਨੇ ਘਟਨਾ ਦਾ ਨੋਟਿਸ ਲੈਂਦਿਆਂ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਕਿਸ ਕਾਰਨ ਹੋਇਆ, ਪਰ ਸੁਰੱਖਿਆ ਬਲ ਹਰ ਪੱਖ ਤੋਂ ਜਾਂਚ ਕਰ ਰਹੇ ਹਨ।
ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਨ੍ਹਾਂ ਦੋਵੇਂ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਲੋਕਾਂ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।









