ਅੰਮ੍ਰਿਤਸਰ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਇੱਕ ਵਿਸ਼ੇਸ਼ ਜਥਾ ਅੱਜ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। “ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਨਾਲ ਰਵਾਨਾ ਹੋਏ ਇਸ ਜਥੇ ਨੂੰ ਸੰਗਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਵਿਦਾਈ ਦਿੱਤੀ।
ਜਥਾ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ 20 ਜੂਨ ਤੱਕ ਵੱਖ-ਵੱਖ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਰਤੇਗਾ। ਇਸ ਯਾਤਰਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਕਰ ਰਹੇ ਹਨ, ਜਦਕਿ ਗੁਰਮੀਤ ਸਿੰਘ ਬਾਹੂ ਨੂੰ ਮੀਤ ਆਗੂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਾਣਕਾਰੀ ਅਨੁਸਾਰ 561 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 541 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ, ਜਦਕਿ 20 ਅਰਜ਼ੀਆਂ ਮਨਜ਼ੂਰ ਨਹੀਂ ਹੋ ਸਕੀਆਂ।
ਯਾਤਰਾ ‘ਤੇ ਜਾਣ ਵਾਲੀਆਂ ਸੰਗਤਾਂ ਨੇ ਕਿਹਾ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਨਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਕਰਤਾਰ ਸਾਹਿਬ ਅੰਮ੍ਰਿਤਸਰ ਵਰਗੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਲੰਬੇ ਸਮੇਂ ਤੋਂ ਸਜਾਇਆ ਸੁਪਨਾ ਸੀ।
ਮੋਗਾ ਦੇ ਸ਼ਰਧਾਲੂ ਮੇਜਰ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ ਇਨ੍ਹਾਂ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਯਾਤਰਾ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ।
ਉੱਧਰ ਪ੍ਰਸਿੱਧ ਲੇਖਕ ਅਤੇ ਸਮਾਜ ਸੇਵੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਿਹਾ ਕਿ ਸਾਲਾਂ ਤੋਂ ਕੀਤੀ ਅਰਦਾਸ ਅੱਜ ਪੂਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥਾ ਪਹਿਲਾਂ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਵੇਗਾ, ਜਿਸ ਤੋਂ ਬਾਅਦ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਦੇ ਦਰਸ਼ਨ ਕਰੇਗਾ। ਇਸ ਦੌਰਾਨ ਸੰਗਤਾਂ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੀਆਂ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਯਾਤਰਾ ਸਿਰਫ਼ ਧਾਰਮਿਕ ਦਰਸ਼ਨਾਂ ਤੱਕ ਸੀਮਿਤ ਨਹੀਂ, ਸਗੋਂ ਸਿੱਖ ਇਤਿਹਾਸ, ਵਿਰਾਸਤ ਅਤੇ ਆਧਿਆਤਮਿਕਤਾ ਨਾਲ ਜੁੜਨ ਦਾ ਇੱਕ ਵਿਲੱਖਣ ਮੌਕਾ ਵੀ ਹੈ। ਯਾਤਰਾ ਨੂੰ ਲੈ ਕੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।









