Home National ਦੇਸ਼ ਭਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਮਾਨਸੂਨ, ਕਈ ਰਾਜਾਂ ਵਿੱਚ...

ਦੇਸ਼ ਭਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਮਾਨਸੂਨ, ਕਈ ਰਾਜਾਂ ਵਿੱਚ ਮੀਂਹ ਤੇ ਤੂਫ਼ਾਨ ਦਾ ਅਸਰ

0
18

ਨਵੀਂ ਦਿੱਲੀ: ਦੱਖਣ-ਪੱਛਮੀ ਮਾਨਸੂਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਐਤਵਾਰ ਤੱਕ ਮਾਨਸੂਨ 12 ਰਾਜਾਂ ਵਿੱਚ ਦਸਤਕ ਦੇ ਚੁੱਕਾ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ।

ਮਾਨਸੂਨ ਦੀ ਪਹੁੰਚ ਕੇਰਲ, ਕਰਨਾਟਕ, ਮਨੀਪੁਰ, ਨਾਗਾਲੈਂਡ, ਮਿਜ਼ੋਰਮ ਸਮੇਤ ਕਈ ਰਾਜਾਂ ਤੱਕ ਹੋ ਚੁੱਕੀ ਹੈ, ਜਦਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮਾਨਸੂਨ ਤੋਂ ਪਹਿਲਾਂ ਦੀਆਂ ਬਾਰਿਸ਼ਾਂ ਜਾਰੀ ਹਨ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਐਤਵਾਰ ਨੂੰ ਮੀਂਹ ਦੇ ਨਾਲ ਗੜੇ ਵੀ ਪਏ, ਜਿਸ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ।

ਮੱਧ ਪ੍ਰਦੇਸ਼ ਵਿੱਚ ਵੀ ਤੇਜ਼ ਹਵਾਵਾਂ ਅਤੇ ਤੂਫ਼ਾਨ ਦਾ ਅਸਰ ਦੇਖਣ ਨੂੰ ਮਿਲਿਆ। ਇੰਦੌਰ-ਖੰਡਵਾ ਹਾਈਵੇਅ ‘ਤੇ ਤੇਜ਼ ਆੰਧੀ ਕਾਰਨ ਇੱਕ ਆਟੋ ਰਿਕਸ਼ਾ ਪਲਟ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।

ਇਸੇ ਦੌਰਾਨ ਦਿੱਲੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ ਇੱਕ ਵੱਡੀ ਘਟਨਾ ਵਾਪਰੀ। ਤੇਜ਼ ਮੀਂਹ ਅਤੇ ਆੰਧੀ ਦੌਰਾਨ ਜ਼ਮੀਨੀ ਸਹਾਇਤਾ ਉਪਕਰਣਾਂ ਨਾਲ ਟਕਰਾਉਣ ਕਾਰਨ ਏਅਰ ਇੰਡੀਆ ਦੇ ਤਿੰਨ ਨੈਰੋਬਾਡੀ ਜਹਾਜ਼ ਨੁਕਸਾਨੇ ਗਏ। ਸੁਰੱਖਿਆ ਦੇ ਮੱਦੇਨਜ਼ਰ ਤਿੰਨਾਂ ਜਹਾਜ਼ਾਂ ਨੂੰ ਸੇਵਾ ਤੋਂ ਹਟਾ ਕੇ ਜਾਂਚ ਲਈ ਭੇਜ ਦਿੱਤਾ ਗਿਆ।

ਦੂਜੇ ਪਾਸੇ, ਦਿੱਲੀ-ਐਨਸੀਆਰ ਵਿੱਚ ਸੋਮਵਾਰ ਤੋਂ ਮੌਸਮ ਇੱਕ ਵਾਰ ਫਿਰ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਮਾਹਿਰਾਂ ਅਨੁਸਾਰ ਖੇਤਰ ਵਿੱਚ ਹੀਟਵੇਵ ਵਰਗੀਆਂ ਸਥਿਤੀਆਂ ਬਣ ਸਕਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਦੁਪਹਿਰ ਸਮੇਂ ਧੁੱਪ ਤੋਂ ਬਚਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਹੋਰ ਰਾਜਾਂ ਵੱਲ ਅੱਗੇ ਵਧੇਗਾ, ਜਿਸ ਨਾਲ ਕਈ ਖੇਤਰਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

LEAVE A REPLY

Please enter your comment!
Please enter your name here