Saturday, June 6, 2026
Google search engine
HomePatiala Updatesਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਦੇ ਕਾਰਜ ਜਲਦ ਹੋਣਗੇ ਮੁਕੰਮਲ,...

ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਦੇ ਕਾਰਜ ਜਲਦ ਹੋਣਗੇ ਮੁਕੰਮਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਲੋਕ ਅਰਪਣ: ਬਲਤੇਜ ਪੰਨੂ

ਪਟਿਆਲਾ, 6 ਜੂਨ:
ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਵਿਕਾਸ ਕਾਰਜਾਂ ਦਾ ਸਥਾਨਕ ਨਿਰੀਖਣ
ਮੰਦਰ ਕਮੇਟੀ ਮੈਂਬਰ ਸੀ ਏ ਅਜੇ ਅਲੀਪੁਰੀਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਮੌਜੂਦ; ਸ਼ਰਧਾਲੂਆਂ ਲਈ ਵਿਸ਼ਵ ਪੱਧਰੀ ਸਹੂਲਤਾਂ ਦਾ ਵਾਅਦਾ 
ਉੱਤਰੀ ਭਾਰਤ ਦੇ ਪ੍ਰਸਿੱਧ ਅਤੇ ਕਰੋੜਾਂ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਦੇ ਕੇਂਦਰ ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਵਿਖੇ ਚੱਲ ਰਹੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਮੰਦਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੰਦਰ ਕਮੇਟੀ ਦੇ ਉੱਘੇ ਮੈਂਬਰ ਸੀ.ਏ. ਅਜੇ ਅਲੀਪੁਰੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਕਈ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਆਗੂਆਂ ਨੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਹਰੇਕ ਹਿੱਸੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਵਿੱਚ ਕੋਈ ਵੀ ਸਮਝੌਤਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ।
 ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਸਥਾਨਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਨਾ ਸਿਰਫ਼ ਪਟਿਆਲਾ ਬਲਕਿ ਪੂਰੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਲਈ ਇੱਕ ਪਵਿੱਤਰ ਸਥਾਨ ਹੈ। ਸਰਕਾਰ ਵੱਲੋਂ ਇਸ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਬਹੁਤ ਹੀ ਯੋਜਨਾਬੱਧ ਅਤੇ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਪੰਨੂ ਨੇ ਖ਼ੁਲਾਸਾ ਕੀਤਾ ਕਿ ਇਹ ਸਾਰੇ ਵਿਕਾਸ ਕਾਰਜ ਆਪਣੇ ਅੰਤਿਮ ਪੜਾਅ ਵਿੱਚ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਕੰਮ ਪੂਰਾ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਪਟਿਆਲਾ ਪਹੁੰਚ ਕੇ ਇਸ ਖ਼ੂਬਸੂਰਤ ਪ੍ਰੋਜੈਕਟ ਨੂੰ ਜਨਤਾ ਅਤੇ ਸੰਗਤਾਂ ਦੇ ਚਰਨਾਂ ਵਿੱਚ ਅਰਪਣ ਕਰਨਗੇ।
ਮੰਦਰ ਦੇ ਚੱਲ ਰਹੇ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਲੱਖਾਂ ਲੋਕਾਂ ਦੀ ਅਟੁੱਟ ਆਸਥਾ ਦਾ ਪ੍ਰਤੀਕ ਹੈ। ਸਾਡੀ ਸਰਕਾਰ ਦਾ ਮੁੱਖ ਮਕਸਦ ਇੱਥੇ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਸਫ਼ਰ ਅਤੇ ਦਰਸ਼ਨਾਂ ਨੂੰ ਸੁਖਾਲਾ ਬਣਾਉਣਾ ਹੈ। ਮੰਦਰ ਦੇ ਸੁੰਦਰੀਕਰਨ ਪ੍ਰੋਜੈਕਟ ਤਹਿਤ ਜਿੱਥੇ ਮੁੱਖ ਪਰਿਸਰ ਦੀ ਦਿੱਖ ਨੂੰ ਰਵਾਇਤੀ ਅਤੇ ਪ੍ਰਾਚੀਨ ਸ਼ੈਲੀ ਮੁਤਾਬਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਉੱਥੇ ਹੀ ਸ਼ਰਧਾਲੂਆਂ ਦੀ ਸਹੂਲਤ ਲਈ ਹਾਈ-ਟੈਕ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਸ਼ਰਧਾਲੂਆਂ ਦੇ ਬੈਠਣ ਲਈ ਵੱਡੇ ਹਾਲ, ਸਾਫ਼ ਪੀਣ ਵਾਲੇ ਪਾਣੀ ਦੇ ਆਧੁਨਿਕ ਪਲਾਂਟ, ਵੀ.ਆਈ.ਪੀ. ਅਤੇ ਆਮ ਸੰਗਤ ਲਈ ਸੁਚਾਰੂ ਲਾਈਨ ਪ੍ਰਬੰਧਨ ਅਤੇ ਮੰਦਰ ਦੇ ਆਲੇ-ਦੁਆਲੇ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਵਿਸ਼ੇਸ਼ ਯੋਜਨਾ ਸ਼ਾਮਲ ਹੈ। ਸਾਡੀ ਕੋਸ਼ਿਸ਼ ਹੈ ਕਿ ਨਵਰਾਤਰਿਆਂ ਜਾਂ ਹੋਰ ਵੱਡੇ ਤਿਉਹਾਰਾਂ ਦੌਰਾਨ ਇੱਥੇ ਆਉਣ ਵਾਲੀ ਭਾਰੀ ਭੀੜ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਅਤੇ ਸਰਕਾਰੀ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ ਤਾਂ ਜੋ ਨਿਰਮਾਣ ਕਾਰਜਾਂ ਦੌਰਾਨ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਪੂਰਾ ਹੋਣ ਨਾਲ ਪਟਿਆਲਾ ਸ਼ਹਿਰ ਦੇ ਧਾਰਮਿਕ ਟੂਰਿਜ਼ਮ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ। ਅਖੀਰ ਵਿੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਰਹਿੰਦੇ ਕੰਮਾਂ ਨੂੰ ਦਿਨ-ਰਾਤ ਇੱਕ ਕਰਕੇ ਤੈਅ ਸਮੇਂ ਅੰਦਰ ਨੇਪਰੇ ਚਾੜ੍ਹਿਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI