Sunday, September 13, 2026
Home Punjab ਗੁਰਦਾਸਪੁਰ ਵਿੱਚ ਅਵਾਰਾ ਕੁੱਤੇ ਦਾ ਖੌਫ਼ਨਾਕ ਹਮਲਾ, 4 ਸਾਲਾ ਮਾਸੂਮ ਦੇ ਚਿਹਰੇ...

ਗੁਰਦਾਸਪੁਰ ਵਿੱਚ ਅਵਾਰਾ ਕੁੱਤੇ ਦਾ ਖੌਫ਼ਨਾਕ ਹਮਲਾ, 4 ਸਾਲਾ ਮਾਸੂਮ ਦੇ ਚਿਹਰੇ ਅਤੇ ਅੱਖ ਕੋਲ ਗੰਭੀਰ ਸੱਟਾਂ

0
31

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿੱਚ ਇੱਕ ਅਵਾਰਾ ਕੁੱਤੇ ਵੱਲੋਂ 4 ਸਾਲਾ ਮਾਸੂਮ ਬੱਚੇ ‘ਤੇ ਕੀਤੇ ਗਏ ਜਾਨਲੇਵਾ ਹਮਲੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਮਲੇ ਦੌਰਾਨ ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਪੀੜਤ ਬੱਚੇ ਦੀ ਮਾਤਾ ਕੰਚਨ ਅਤੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਮੇਂ ਘਰ ਵਿੱਚ ਮਹਿਮਾਨ ਆਏ ਹੋਏ ਸਨ। ਇਸ ਦੌਰਾਨ ਬੱਚੇ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੀ ਸਕੂਟਰੀ ਕੋਲ ਖੇਡਣ ਲਈ ਚਲੇ ਗਏ। ਅਚਾਨਕ ਇੱਕ ਅਵਾਰਾ ਕੁੱਤੇ ਨੇ ਮਾਸੂਮ ਬੱਚੇ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਚਿਹਰੇ ਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ।

ਗਲੀ ਵਿੱਚ ਮੌਜੂਦ ਹੋਰ ਬੱਚਿਆਂ ਵੱਲੋਂ ਰੌਲਾ ਪਾਉਣ ਅਤੇ ਚੀਕਾਂ ਮਾਰਨ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਜਦੋਂ ਉਨ੍ਹਾਂ ਬੱਚੇ ਨੂੰ ਦੇਖਿਆ ਤਾਂ ਉਹ ਖੂਨ ਨਾਲ ਲੱਥਪੱਥ ਸੀ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ।

ਪਰਿਵਾਰ ਵੱਲੋਂ ਤੁਰੰਤ ਬੱਚੇ ਨੂੰ ਸਥਾਨਕ ਡਾਕਟਰ ਕੋਲ ਲਿਜਾਇਆ ਗਿਆ, ਜਿਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਡੂੰਘੇ ਜ਼ਖਮ ਕੀਤੇ ਹਨ। ਬੱਚੇ ਨੂੰ ਬੇਹੋਸ਼ ਕਰਕੇ ਕਈ ਟਾਂਕੇ ਲਗਾਏ ਗਏ ਅਤੇ ਐਂਟੀ-ਰੇਬੀਜ਼ ਟੀਕੇ ਵੀ ਲਗਾਏ ਗਏ ਹਨ।

ਅੱਖਾਂ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਬੱਚੇ ਦੀ ਅੱਖ ਦਾ ਅੰਦਰੂਨੀ ਹਿੱਸਾ ਸੁਰੱਖਿਅਤ ਹੈ, ਪਰ ਜ਼ਖਮ ਕਾਫ਼ੀ ਡੂੰਘੇ ਹਨ। ਫਿਲਹਾਲ ਬੱਚਾ ਗੰਭੀਰ ਦਰਦ ਵਿੱਚ ਹੈ ਅਤੇ ਸਿਰਫ਼ ਤਰਲ ਪਦਾਰਥ ਹੀ ਲੈ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਬੱਚਿਆਂ ਅਤੇ ਬਜ਼ੁਰਗਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਹੈ। ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here