ਚੰਡੀਗੜ੍ਹ: ਚੰਡੀਗੜ੍ਹ ਵਿੱਚ ਦੇਰ ਰਾਤ ਇੱਕ ਮਾਮੂਲੀ ਸੜਕੀ ਵਿਵਾਦ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇੱਕ ਨੌਜਵਾਨ ਨੇ ਰਸਤਾ ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਦੋਵੇਂ ਨੌਜਵਾਨ ਸੁਰੱਖਿਅਤ ਬਚ ਗਏ।
ਪੁਲਿਸ ਅਨੁਸਾਰ, ਘਟਨਾ ਸੈਕਟਰ 20 ਅਤੇ ਸੈਕਟਰ 33 ਨੂੰ ਜੋੜਨ ਵਾਲੀ ਸੜਕ ‘ਤੇ ਵਾਪਰੀ। ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੇ ਦੋ ਨੌਜਵਾਨ ਆਪਣੀ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਇੱਕ ਐਕਟਿਵਾ ਸਵਾਰ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਦਿਆਂ ਟੱਕਰ ਮਾਰ ਦਿੱਤੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਗਾਲੀ-ਗਲੋਚ ਹੋਈ, ਜਿਸ ਤੋਂ ਬਾਅਦ ਉਹ ਆਪਣੇ-ਆਪਣੇ ਰਸਤੇ ਚਲੇ ਗਏ।
ਜਾਂਚ ਵਿੱਚ ਸਾਹਮਣੇ ਆਇਆ ਕਿ ਐਕਟਿਵਾ ਸਵਾਰ ਨੌਜਵਾਨਾਂ ਨੇ ਬਾਈਕ ਸਵਾਰਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਦੇ ਪੀਜੀ ਤੱਕ ਪਹੁੰਚ ਕੀਤੀ। ਦੋਸ਼ ਹੈ ਕਿ ਮੁੱਖ ਮੁਲਜ਼ਮ ਜੈ ਕਿਸ਼ਨ ਆਪਣੇ ਘਰ ਤੋਂ ਇੱਕ ਦੇਸੀ ਪਿਸਤੌਲ ਲੈ ਕੇ ਵਾਪਸ ਆਇਆ ਅਤੇ ਪੀਜੀ ਦੇ ਬਾਹਰ ਖੜ੍ਹੀ ਮੋਟਰਸਾਈਕਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਬਾਈਕ ਸਵਾਰ ਨੌਜਵਾਨ ਹੇਠਾਂ ਆਏ ਤਾਂ ਦੋਵਾਂ ਧਿਰਾਂ ਵਿੱਚ ਮੁੜ ਤਕਰਾਰ ਹੋ ਗਈ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਦੇਸੀ ਪਿਸਤੌਲ ਨਾਲ ਅੰਧਾਧੁੰਦ ਫਾਇਰਿੰਗ ਕਰ ਦਿੱਤੀ। ਗੋਲੀਆਂ ਚੱਲਦੀਆਂ ਦੇਖ ਦੋਵੇਂ ਨੌਜਵਾਨ ਮੌਕੇ ਤੋਂ ਭੱਜ ਗਏ ਅਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ‘ਤੇ ਥਾਣਾ 19 ਦੀ ਇੰਚਾਰਜ ਸਰਿਤਾ ਰਾਏ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਮੁੱਖ ਮੁਲਜ਼ਮ ਜੈ ਕਿਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਇੱਕ ਨਾਜਾਇਜ਼ ਦੇਸੀ ਪਿਸਤੌਲ ਵੀ ਬਰਾਮਦ ਕੀਤਾ।
ਹਾਲਾਂਕਿ, ਮੁਲਜ਼ਮ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕੋਲ ਗੈਰ-ਕਾਨੂੰਨੀ ਹਥਿਆਰ ਕਿੱਥੋਂ ਆਇਆ ਅਤੇ ਇਸ ਮਾਮਲੇ ਨਾਲ ਹੋਰ ਕੌਣ-ਕੌਣ ਜੁੜਿਆ ਹੋ ਸਕਦਾ ਹੈ।
ਇਸ ਘਟਨਾ ਨੇ ਇੱਕ ਵਾਰ ਫਿਰ ਰੋਡ ਰੇਜ ਦੀਆਂ ਵੱਧ ਰਹੀਆਂ ਘਟਨਾਵਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।









