ਪੰਜਾਬ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇੱਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਦੇ ਨਵੇਂ ਗੀਤ ‘ਜੋਗੀ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਤੋਂ ਬਾਅਦ ਇਹ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਗੀਤ ਨੂੰ ਕਾਪੀਰਾਈਟ ਅਤੇ ਦਸਤਾਵੇਜ਼ੀ ਵਿਵਾਦ ਕਾਰਨ ਪਲੇਟਫਾਰਮ ਤੋਂ ਰਿਮੂਵ ਕੀਤਾ ਗਿਆ।
ਖਾਸ ਗੱਲ ਇਹ ਹੈ ਕਿ ‘ਜੋਗੀ’ ਨੂੰ ਸੁਨੰਦਾ ਸ਼ਰਮਾ ਨੇ ਆਪਣੇ ਹੀ ਸੰਗੀਤ ਲੇਬਲ ਹੇਠ ਰਿਲੀਜ਼ ਕੀਤਾ ਸੀ ਅਤੇ ਰਿਲੀਜ਼ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ ’ਤੇ ਕਰੀਬ 1.8 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਗੀਤ ਨੂੰ ਦਰਸ਼ਕਾਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲ ਰਹੀ ਸੀ, ਪਰ ਅਚਾਨਕ ਇਹ ਪਲੇਟਫਾਰਮ ਤੋਂ ਗਾਇਬ ਹੋ ਗਿਆ।
ਸੋਸ਼ਲ ਮੀਡੀਆ ਰਾਹੀਂ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਗੀਤ ਸਾਰੇ ਕਾਨੂੰਨੀ ਅਤੇ ਅਧਿਕਾਰਕ ਸਮਝੌਤਿਆਂ ਨਾਲ ਹੀ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕਾਂ ਵੱਲੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਯੂਟਿਊਬ ’ਤੇ ਕਾਪੀਰਾਈਟ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਗਾਇਕਾ ਨੇ ਇਹ ਵੀ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ‘ਜੋਗੀ’ ਜਲਦ ਹੀ ਮੁੜ ਯੂਟਿਊਬ ’ਤੇ ਉਪਲਬਧ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਗੀਤ ਨੂੰ ਪਿਆਰ ਅਤੇ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ।



