Friday, July 17, 2026
Home Punjab 328 ਪਾਵਨ ਸਰੂਪ ਮਾਮਲੇ ’ਚ ਐਸਜੀਪੀਸੀ ਤੇ ਐਸਆਈਟੀ ਆਮਨੇ-ਸਾਮਨੇ, ਜਾਂਚ ਦੇ ਤਰੀਕੇ...

328 ਪਾਵਨ ਸਰੂਪ ਮਾਮਲੇ ’ਚ ਐਸਜੀਪੀਸੀ ਤੇ ਐਸਆਈਟੀ ਆਮਨੇ-ਸਾਮਨੇ, ਜਾਂਚ ਦੇ ਤਰੀਕੇ ’ਤੇ ਉਠੇ ਸਵਾਲ

0
15

ਅੰਮ੍ਰਿਤਸਰ: 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਵਿਚਾਲੇ ਤਣਾਅ ਵਧਦਾ ਦਿਖਾਈ ਦੇ ਰਿਹਾ ਹੈ। ਐੱਸ.ਜੀ.ਪੀ.ਸੀ. ਨੇ ਜਾਂਚ ਟੀਮ ਦੀ ਕਾਰਵਾਈ ਅਤੇ ਜਾਂਚ ਦੇ ਤਰੀਕੇ ’ਤੇ ਗੰਭੀਰ ਇਤਰਾਜ਼ ਜਤਾਉਂਦਿਆਂ ਇੱਕ ਅਧਿਕਾਰਤ ਪੱਤਰ ਭੇਜਿਆ ਹੈ।

ਸ਼੍ਰੋਮਣੀ ਕਮੇਟੀ ਦਾ ਦੋਸ਼ ਹੈ ਕਿ ‘ਸਿੱਟ’ ਵੱਲੋਂ ਮੰਗੀਆਂ ਜਾ ਰਹੀਆਂ ਜਾਣਕਾਰੀਆਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਅਤੇ ਇਹ ਧਾਰਮਿਕ ਸੰਸਥਾ ਦੇ ਅੰਦਰੂਨੀ ਪ੍ਰਬੰਧਕੀ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਹੈ।

ਐੱਸ.ਜੀ.ਪੀ.ਸੀ. ਅਨੁਸਾਰ ਜਾਂਚ ਟੀਮ ਨੇ ਆਪਣੇ ਪੱਤਰਾਂ ਰਾਹੀਂ ਸੰਸਥਾ ਦੇ ਬੈਂਕ ਖਾਤਿਆਂ ਦੀ ਜਾਣਕਾਰੀ, ਕਰੋੜਾਂ ਰੁਪਏ ਦੇ ਵਿੱਤੀ ਲੈਣ-ਦੇਣ ਦਾ ਵੇਰਵਾ, ਸਾਲਾਨਾ ਬੈਲੇਂਸ ਸ਼ੀਟ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਸਬੰਧੀ ਨਿੱਜੀ ਚੈਨਲਾਂ ਨਾਲ ਹੋਏ ਵਪਾਰਕ ਸਮਝੌਤਿਆਂ ਦੀ ਜਾਣਕਾਰੀ ਮੰਗੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇਹ ਸਾਰੀ ਜਾਣਕਾਰੀ ਗੁਪਤ ਅਤੇ ਪ੍ਰਬੰਧਕੀ ਸੁਭਾਅ ਦੀ ਹੈ, ਜਿਸਦਾ ਪਾਵਨ ਸਰੂਪਾਂ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ।

ਇਸ ਮਾਮਲੇ ’ਤੇ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜਾਂਚ ਵਿੱਚ ਪੂਰਾ ਕਾਨੂੰਨੀ ਸਹਿਯੋਗ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਸਥਿਤ ਸਬ-ਆਫਿਸ ਰਾਹੀਂ ਮਾਮਲੇ ਨਾਲ ਸਬੰਧਤ ਲੋੜੀਂਦਾ ਰਿਕਾਰਡ ਪਹਿਲਾਂ ਹੀ ਜਾਂਚ ਟੀਮ ਨੂੰ ਸੌਂਪਿਆ ਜਾ ਚੁੱਕਾ ਹੈ।

ਐੱਸ.ਜੀ.ਪੀ.ਸੀ. ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ‘ਸਿੱਟ’ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਤਾਂ ਜੋ ਜਾਂਚ ਦੇ ਨਾਂ ’ਤੇ ਧਾਰਮਿਕ ਸੰਸਥਾ ਦੇ ਅੰਦਰੂਨੀ ਪ੍ਰਬੰਧ ’ਤੇ ਅਸਰ ਨਾ ਪਵੇ।

LEAVE A REPLY

Please enter your comment!
Please enter your name here