Friday, July 17, 2026
Home National ਯੂਗਾਂਡਾ ਤੋਂ ਆਈ ਔਰਤ ਵਿੱਚ ਇਬੋਲਾ ਵਰਗੇ ਲੱਛਣ, ਬੈਂਗਲੁਰੂ ਵਿੱਚ ਨਿਗਰਾਨੀ ਹੇਠ...

ਯੂਗਾਂਡਾ ਤੋਂ ਆਈ ਔਰਤ ਵਿੱਚ ਇਬੋਲਾ ਵਰਗੇ ਲੱਛਣ, ਬੈਂਗਲੁਰੂ ਵਿੱਚ ਨਿਗਰਾਨੀ ਹੇਠ ਇਲਾਜ

0
24

ਬੈਂਗਲੁਰੂ: ਦੁਨੀਆ ਭਰ ਵਿੱਚ ਇਬੋਲਾ ਵਾਇਰਸ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਇਸ ਦਰਮਿਆਨ ਯੂਗਾਂਡਾ ਦੀ ਇੱਕ 28 ਸਾਲਾ ਔਰਤ ਨੂੰ ਸਾਵਧਾਨੀ ਵਜੋਂ ਬੈਂਗਲੁਰੂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਔਰਤ ਵਿੱਚ ਇਬੋਲਾ ਵਰਗੇ ਹਲਕੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਅਧਿਕਾਰੀਆਂ ਅਨੁਸਾਰ ਔਰਤ ਹਾਲ ਹੀ ਵਿੱਚ ਇਬੋਲਾ ਪ੍ਰਭਾਵਿਤ ਖੇਤਰ ਤੋਂ ਭਾਰਤ ਪਹੁੰਚੀ ਸੀ। ਸ਼ੁਰੂ ਵਿੱਚ ਉਹ ਸ਼ਹਿਰ ਦੇ ਇੱਕ ਹੋਟਲ ਵਿੱਚ ਰਹੀ, ਪਰ ਬਾਅਦ ਵਿੱਚ ਉਸ ਨੇ ਸਰੀਰ ਦਰਦ ਅਤੇ ਕਮਜ਼ੋਰੀ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੂੰ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸਿਹਤ ਵਿਭਾਗ ਨੇ ਉਸ ਦੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਭੇਜੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲਾਗ ਦੀ ਪੁਸ਼ਟੀ ਲਈ ਪ੍ਰੋਟੋਕੋਲ ਅਨੁਸਾਰ ਦੂਜਾ ਟੈਸਟ ਵੀ ਕੀਤਾ ਜਾਵੇਗਾ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਮਾਹਿਰ ਡਾਕਟਰਾਂ ਦੀ ਟੀਮ ਉਸ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਸਿਹਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਸਾਵਧਾਨੀ ਦੇ ਤੌਰ ‘ਤੇ ਕੀਤੀ ਜਾ ਰਹੀ ਕਾਰਵਾਈ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਨੇ ਕਿਹਾ ਕਿ ਇਬੋਲਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ।

ਵਰਲਡ ਹੈਲ਼ਥ ਆਰਗੀਨਾਈਜੇਸ਼ਨ ਨੇ 17 ਮਈ ਨੂੰ ਯੂਗਾਂਡਾ ਅਤੇ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇਬੋਲਾ ਫੈਲਾਅ ਨੂੰ ਅੰਤਰਰਾਸ਼ਟਰੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਨਿਗਰਾਨੀ ਅਤੇ ਸੁਰੱਖਿਆ ਉਪਾਅ ਹੋਰ ਸਖ਼ਤ ਕਰ ਦਿੱਤੇ ਹਨ।

ਕਰਨਾਟਕ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ 21 ਦਿਨਾਂ ਤੱਕ ਸਿਹਤ ‘ਤੇ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ, ਖ਼ਾਸ ਕਰਕੇ ਉਹਨਾਂ ਲਈ ਜੋ ਪ੍ਰਭਾਵਿਤ ਅਫਰੀਕੀ ਦੇਸ਼ਾਂ ਤੋਂ ਵਾਪਸ ਆ ਰਹੇ ਹਨ। ਸ਼ੱਕੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here