HomePunjabMalerkotlaਮਾਲੇਰਕੋਟਲਾ ਪੁਲਿਸ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਕਾਬੂ

ਮਾਲੇਰਕੋਟਲਾ ਪੁਲਿਸ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਕਾਬੂ

* ਕਤਲ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 02 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਮਾਲੇਰਕੋਟਲਾ: ਐਸ.ਐਸ.ਪੀ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਪਤਾਨ ਪੁਲਿਸ ਪੀ.ਬੀ.ਆਈ. ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਕਤਲ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 02 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 22 ਮਈ ਨੂੰ 112 ਹੈਲਪਲਾਈਨ ਕੰਟਰੋਲ ਰੂਮ ਮਾਲੇਰਕੋਟਲਾ ਵਿਖੇ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਕੰਗਣਵਾਲ ਵਿਖੇ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਸੂਚਨਾ ਮਿਲਣ ਉਪਰੰਤ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ੍ਹ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ ਅਤੇ ਮੌਕੇ ‘ਤੇ ਮੌਜੂਦ ਮਨਦੀਪ ਸਿੰਘ ਪੁੱਤਰ ਹਰਕੇਸ ਸਿੰਘ ਵਾਸੀ ਕੰਗਣਵਾਲ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਗਿਆ।
ਬਿਆਨ ਅਨੁਸਾਰ ਮ੍ਰਿਤਕ ਹਰਬਿੰਦਰ ਸਿੰਘ ਉਰਫ਼ ਬਿੰਦਾ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ। ਜਦੋਂ ਬਿਆਨਕਰਤਾ ਉਸ ਦੇ ਘਰ ਪਹੁੰਚਿਆ ਤਾਂ ਉਹ ਕਿਤੇ ਨਹੀਂ ਮਿਲਿਆ। ਤਲਾਸ਼ ਕਰਨ ‘ਤੇ ਉਸ ਦੀ ਲਾਸ਼ ਕਬੂਤਰਾਂ ਵਾਲੇ ਕਮਰੇ (ਖੁੱਡੇ) ਵਿੱਚੋਂ ਮਿਲੀ, ਜਿਸ ਦੇ ਹੱਥ-ਪੈਰ ਬੰਨੇ ਹੋਏ ਸਨ। ਇਸ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਐਸ.ਪੀ. ਮਾਲੇਰਕੋਟਲਾ ਵੱਲੋਂ ਕਪਤਾਨ ਪੁਲਿਸ ਪੀ.ਬੀ.ਆਈ. ਰਾਜਵਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਦੀਪਿੰਦਰਪਾਲ ਸਿੰਘ ਜੇਜੀ, ਉਪ ਕਪਤਾਨ ਪੁਲਿਸ ਅਹਿਮਦਗੜ੍ਹ ਇੰਦਰਪਾਲ ਚੌਹਾਨ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ੍ਹ ਇੰਸਪੈਕਟਰ ਗੁਰਪ੍ਰੀਤ ਕੌਰ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਟੀਮ ਵੱਲੋਂ ਫੋਰੈਂਸਿਕ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕਰਕੇ ਤਕਨੀਕੀ ਅਧਾਰ ‘ਤੇ ਜਾਂਚ ਅੱਗੇ ਵਧਾਈ ਗਈ।
ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ ‘ਤੇ ਮਨਦੀਪ ਸਿੰਘ ਉਰਫ਼ ਕਾਲਾ ਪੁੱਤਰ ਕਮਿੱਕਰ ਸਿੰਘ ਵਾਸੀ ਕੰਗਣਵਾਲ ਅਤੇ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਸੌਂਧਾ ਸਿੰਘ ਵਾਲਾ ਹਾਲ ਵਾਸੀ ਸੰਦੌੜ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮ੍ਰਿਤਕ ਨਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਜਾਣ-ਪਛਾਣ ਸੀ। ਦੋਸ਼ੀਆਂ ਨੇ ਆਪਣਾ ਕੁਝ ਸਮਾਨ ਮ੍ਰਿਤਕ ਕੋਲ ਗਿਰਵੀ ਰੱਖ ਕੇ ਉਸ ਤੋਂ ਪੈਸੇ ਲਏ ਹੋਏ ਸਨ ਅਤੇ ਮ੍ਰਿਤਕ ਵੱਲੋਂ ਉਹ ਪੈਸੇ ਵਾਪਸ ਮੰਗੇ ਜਾ ਰਹੇ ਸਨ। ਇਸੇ ਰੰਜਿਸ਼ ਕਰਕੇ ਦੋਸ਼ੀਆਂ ਨੇ ਹਰਬਿੰਦਰ ਸਿੰਘ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਮਰੇ (ਖੁੱਡੇ) ਵਿੱਚ ਬੰਦ ਕਰ ਦਿੱਤਾ। ਜਦੋਂ ਮ੍ਰਿਤਕ ਰੌਲਾ ਪਾਉਣ ਲੱਗਾ ਤਾਂ ਦੋਸ਼ੀਆਂ ਨੇ ਉਸ ਦਾ ਮੂੰਹ ਬੰਦ ਕਰਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਬੂਤਰਾਂ ਵਾਲੇ ਕਮਰੇ (ਖੁੱਡੇ) ਵਿੱਚ ਬੰਦ ਕਰ ਦਿੱਤਾ।
ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments