Thursday, July 16, 2026
Home Patiala Updates ਡਿਪਟੀ ਕਮਿਸ਼ਨਰ ਵੱਲੋਂ ਵਿਭਾਗਾਂ ਨੂੰ ਪਟਿਆਲਾ ਦੀ ਸਾਫ ਸਫਾਈ ਤੇ ਸੁੰਦਰੀਕਰਨ ‘...

ਡਿਪਟੀ ਕਮਿਸ਼ਨਰ ਵੱਲੋਂ ਵਿਭਾਗਾਂ ਨੂੰ ਪਟਿਆਲਾ ਦੀ ਸਾਫ ਸਫਾਈ ਤੇ ਸੁੰਦਰੀਕਰਨ ‘ ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼

0
19

*ਡੀਸੀ ਵੱਲੋਂ ਸੜਕਾਂ ਦੇ ਕਿਨਾਰਿਆਂ ‘ਤੇ ਖਿਲਰੇ ਕੂੜੇ ਨੂੰ ਹਟਾਉਣ ਤੇ ਕੂੜੇ ਦੇ ਢੇਰਾਂ ਤੋਂ ਪੁਰਾਣੇ ਕੂੜੇ ਨੂੰ ਠਿਕਾਣੇ ਲਾਉਣ ‘ਤੇ ਜ਼ੋਰ*

*ਸਿੰਗਲ ਯੂਜ਼ ਪਲਾਸਟਿਕ ਦੇ ਥੋਕ ਵਿਕ੍ਰੇਤਾਵਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ – ਡਾ ਹਿਮਾਂਸ਼ੂ ਅਗਰਵਾਲ*

ਪਟਿਆਲਾ :

ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ 38ਵੀਂ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਪਟਿਆਲਾ ਦੇ ਸੁੰਦਰੀਕਰਨ, ਸਾਫ਼ ਅਤੇ ਪ੍ਰਦੂਸ਼ਣ-ਮੁਕਤ ਬਣਾਉਣ, ਠੋਸ ਕਚਰਾ ਪ੍ਰਬੰਧਨ, ਪਲਾਸਟਿਕ ਕਚਰੇ ਦੇ ਨਿਪਟਾਰੇ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਟਿਆਲਾ ਨੂੰ ਸੋਹਣਾ ਅਤੇ ਸਾਫ਼ ਬਣਾਉਣਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸੁੰਦਰਤਾ ਅਤੇ ਵਾਤਾਵਰਣ ਸੰਭਾਲ ਨਾਲ ਜੁੜੇ ਪ੍ਰੋਜੈਕਟਾਂ ਨੂੰ ਤਰਜੀਹ ਦੇ ਅਧਾਰ ’ਤੇ ਜਲਦ ਮੁਕੰਮਲ ਕੀਤਾ ਜਾਵੇ।

ਡੀ ਸੀ ਨੇ ਖਾਸ ਤੌਰ ’ਤੇ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਜਨਤਕ ਥਾਵਾਂ ਤੋਂ ਕੂੜਾ-ਕਰਕਟ ਤੁਰੰਤ ਹਟਾਉਣ ਅਤੇ ਸਫਾਈ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸੜਕਾਂ ਦੇ ਕਿਨਾਰਿਆਂ ’ਤੇ ਪਿਆ ਕੂੜਾ ਤੁਰੰਤ ਚੁੱਕਣ ਅਤੇ ਪੁਰਾਣੇ ਪਏ ਕੂੜੇ ਦੇ ਢੇਰਾਂ ਨੂੰ ਸਮਾਂਬੱਧ ਢੰਗ ਨਾਲ ਸਾਫ਼ ਕਰਨ ਲਈ ਵੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।ਓਹਨਾ ਠੋਸ ਕਚਰਾ ਪ੍ਰਬੰਧਨ ਸਬੰਧੀ ਚੱਲ ਰਹੇ ਕੰਮਾਂ ਦੀ ਨਿਯਮਿਤ ਨਿਗਰਾਨੀ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਵਧ ਰਹੇ ਹਵਾ ਅਤੇ ਸ਼ੋਰ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ਹਿਰ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਟ੍ਰੈਫਿਕ ਪੁਲਿਸ ਅਤੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਨਿਰਧਾਰਤ ਸਮੇਂ ਤੋਂ ਇਲਾਵਾ ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖਲੇ ਨੂੰ ਰੋਕਿਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ ਅਤੇ ਪ੍ਰਦੂਸ਼ਣ ਵਿੱਚ ਕਮੀ ਲਿਆਂਦੀ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ’ਤੇ ਜਾਗਰੂਕਤਾ ਫਲੈਕਸ ਬੋਰਡ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।

ਡਿਪਟੀ ਕਮਿਸ਼ਨਰ ਨੇ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ’ਤੇ ਵੀ ਸਖ਼ਤ ਨਾਰਾਜ਼ਗੀ ਜਤਾਉਂਦਿਆਂ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆਂ, ਹੋਲਸੇਲਰਾਂ ਅਤੇ ਸਪਲਾਇਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਿਆਲਾ ਨੂੰ ਸੋਹਣਾ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਟੀਚਿਆਂ ਨੂੰ ਪੂਰਾ ਕਰਨ ਲਈ ਕਿਹਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਨਵਰੀਤ ਸੇਖੋਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਇੰਜੀਨੀਅਰ ਸ਼੍ਰੀ ਨਵਤੇਸ਼ ਸਿੰਗਲਾ, ਨਗਰ ਨਿਗਮ ਦੇ ਅਧਿਕਾਰੀਆਂ, ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here