ਪਟਿਆਲਾ/ਸ਼ੰਭੂ: ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਸਪੈਸ਼ਲ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਹਮਲਾ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਫ੍ਰੇਟ ਕੋਰੀਡੋਰ ਨੂੰ ਨਿਸ਼ਾਨਾ ਬਣਾਉਂਦਿਆਂ ਕੀਤਾ ਗਿਆ ਸੀ।
ਉਨ੍ਹਾਂ ਮੁਤਾਬਕ ਰੇਲ ਗੱਡੀ ਦੇ ਟਰੈਕ ਤੋਂ ਲੰਘਣ ਸਮੇਂ ਬਲਾਸਟ ਹੋਇਆ, ਪਰ ਇਸ ਤੋਂ ਪਹਿਲਾਂ ਹੀ ਹਮਲਾਵਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਜਗਰੂਪ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਤੋਂ ਸਰਹੰਦ ਆਇਆ ਸੀ। ਪੁਲਿਸ ਨੂੰ ਮੌਕੇ ਤੋਂ ਮੋਬਾਈਲ ਫੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਵੀ ਬਰਾਮਦ ਹੋਏ ਹਨ।
ਡੀਜੀਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਵਿਅਕਤੀ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਹ ਖੁਦ ਹੀ ਮਾਰਿਆ ਗਿਆ। ਮਾਲਗੱਡੀ ਦੇ ਡਰਾਈਵਰ ਨੂੰ ਧਮਾਕੇ ਦੌਰਾਨ ਤੇਜ਼ ਝਟਕਾ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ, ਹਾਲਾਂਕਿ ਟ੍ਰੇਨ ਨੂੰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ।
ਪੁਲਿਸ ਨੇ ਅੰਮ੍ਰਿਤਸਰ ਤੋਂ ਸ਼ੰਭੂ ਤੱਕ ਲਗਭਗ 2 ਕਿਲੋਮੀਟਰ ਦੇ ਇਲਾਕੇ ਦੀ CCTV ਫੁਟੇਜ ਖੰਗਾਲਣ ਦੇ ਹੁਕਮ ਦਿੱਤੇ ਹਨ। ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ ਅਤੇ ਵਿਸਤ੍ਰਿਤ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਇਹ ਵੀ ਮੰਨਿਆ ਕਿ ਫ੍ਰੇਟ ਕੋਰੀਡੋਰ ’ਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਹੈ। ਉੱਚ ਪੱਧਰੀ ਮੀਟਿੰਗ ਬੁਲਾ ਕੇ ਕੈਮਰੇ ਅਤੇ ਸੁਰੱਖਿਆ ਕਰਮਚਾਰੀ ਵਧਾਉਣ ਦੀ ਯੋਜਨਾ ਬਣਾਈ ਜਾਵੇਗੀ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਭੂਮਿਕਾ ਵੀ ਸੰਭਾਵਿਤ ਮੰਨੀ ਜਾ ਰਹੀ ਹੈ।
ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਕਿਸੇ ਸੰਗਠਿਤ ਜਾਲ ਦਾ ਹਿੱਸਾ।








