ਸਰਦੂਲਗੜ੍ਹ/ਮਾਨਸਾ, 27 ਅਪ੍ਰੈਲ:
ਡਿਪਟੀ ਕਮਿਸ਼ਨਰ, ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ.ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਬ ਡਵੀਜ਼ਨ ਹਸਪਤਾਲ, ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦਪ੍ਰਕਾਸ਼ ਸੰਧੂ ਦੀ ਅਗੁਵਾਈ ਵਿੱਚ ਜ਼ਿਲ੍ਹਾ ਪੱਧਰੀ ਆਸ਼ਾ ਦਿਵਸ ਮਨਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸਮੂਹ ਆਸ਼ਾ ਨੂੰ ਆਸ਼ਾ ਦਿਵਸ ‘ਤੇ ਵਧਾਈ ਦਿੰਦੇ ਕਿਹਾ ਕਿ ਆਸ਼ਾ ਦਾ ਸਮਾਜ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਮੁੱਖ ਯੋਗਦਾਨ ਹੈ, ਆਸ਼ਾ ਸਿਹਤ ਵਿਭਾਗ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰਦੀਆਂ ਹਨ। ਆਸ਼ਾ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਖਾਸ ਰੋਲ ਅਦਾ ਕਰਦੀਆਂ ਹਨ l ਸਿਹਤ ਵਿਭਾਗ ਨੇ ਆਸ਼ਾ ਦੇ ਸਹਿਯੋਗ ਨਾਲ ਲਗਭਗ 100 ਪ੍ਰਤੀਸ਼ਤ ਸੰਸਥਾਗਤ ਜਣੇਪੇ ਕਰਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ l
ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਜਿੱਥੇ ਜੱਚਾ-ਬੱਚਾ ਮੌਤ ਦਰ ਵਿੱਚ ਬਹੁਤ ਸੁਧਾਰ ਹੋਇਆ ਹੈ ਉੱਥੇ ਬੱਚਿਆਂ ਦਾ ਟੀਕਾਕਰਨ ਕਰਕੇ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ, ਆਸ਼ਾ ਵੱਲੋਂ ਲੋਕਾਂ ਨੂੰ ਡੋਰ ਸਟੈਪ ‘ਤੇ ਸਿਹਤ ਸੇਵਾਵਾਂ ਨਿਭਾਉਣ ਵਿੱਚ ਮਹਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦਪ੍ਰਕਾਸ਼ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਆਸ਼ਾ ਵੱਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ l ਉਨ੍ਹਾਂ ਕਿਹਾ ਕਿ ਆਸ਼ਾ ਨੂੰ ਬਲਾਕ ਪੱਧਰ ‘ਤੇ ਸਾਰੇ ਹੀ ਸਟਾਫ ਵੱਲੋਂ ਪਹਿਲ ਦੇ ਅਧਾਰ ‘ਤੇ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਆਸ਼ਾ ਰਾਜਪ੍ਰੀਤ ਕੌਰ ਸਬ ਸੈਂਟਰ ਝੁਨੀਰ, ਆਸ਼ਾ ਗੁਰਵਿੰਦਰ ਕੌਰ ਸਬ ਸੈਂਟਰ ਦੂਲੋਵਾਲ ਅਤੇ ਆਸ਼ਾ ਜਸਵਿੰਦਰ ਕੌਰ ਸਬ ਸੈਂਟਰ ਸਰਦੂਲਗੜ੍ਹ ਨੂੰ ਸਿਹਤ ਵਿਭਾਗ ਵਿਚ ਵਧੀਆ ਕਾਰਗੁਜ਼ਾਰੀ ਵਿਚ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ‘ਤੇ ਡਾ. ਰਣਜੀਤ ਸਿੰਘ ਰਾਏ ਵੱਲੋਂ ਸਨਮਾਨਿਤ ਕੀਤਾ ਗਿਆl
ਆਸ਼ਾ ਦਿਵਸ ਬਲਾਕ ਖਿਆਲਾਂ ਕਲਾਂ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਵੀ ਮਨਾਇਆ ਗਿਆ।
ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਮੀਤ ਸਿੰਘ, ਸਿਹਤ ਵਿਭਾਗ ਦਾ ਹੋਰ ਅਮਲਾ ਅਤੇ ਵੱਡੀ ਗਿਣਤੀ ਵਿੱਚ ਮਲਟੀਪਰਪਜ਼ ਹੈਲਥ ਵਰਕਰ, ਏ.ਐਨ.ਐਮ. ਅਤੇ ਆਸ਼ਾ ਹਾਜ਼ਰ ਸਨ l








