ਮਾਨਸਾ, 24 ਅਪ੍ਰੈਲ:
ਬਸ ਸਟੈਂਡ ਤੋਂ ਕੋਰਟ ਰੋਡ ਤੱਕ ਹੋਵੇਗੀ ਮੌਕ ਡਰਿੱਲ
ਲੋਕ ਘਬਰਾਉਣ ਨਾ, ਸਰਕਾਰ ਦੀਆਂ ਹਦਾਇਤਾਂ ‘ਤੇ ਇਹ ਮੌਕ ਡਰਿੱਲ ਕੇਵਲ ਅਭਿਆਸ ਵਜੋਂ ਕੀਤੀ ਜਾ ਰਹੀ ਹੈ: ਨਵਜੋਤ ਕੌਰ
ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ: ਭਾਗੀਰਥ ਸਿੰਘ ਮੀਨਾ
ਡਿਪਟੀ ਕਮਿਸ਼ਨਰ ਨਵਜੋਤ ਕੌਰ, ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਤੇ ਹੋਮਗਾਰਡਜ਼ ਕਮਾਂਡਰ ਰਛਪਾਲ ਸਿੰਘ ਵੱਲੋ ਅਧਿਕਾਰੀਆਂ ਨਾਲ ਮੀਟਿੰਗ
ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਕਰਨ ਦੇ ਉਦੇਸ਼ ਨਾਲ ਮਾਨਸਾ ਸ਼ਹਿਰ ਦੇ ਕੋਰਟ ਰੋਡ ਉਤੇ 24 ਅਪ੍ਰੈਲ, 2026 ਨੂੰ ਰਾਤ 8 ਵਜੇ ਤੋਂ 8.15 ਵਜੇ ਤੱਕ ਸਿਵਲ ਡਿਫੈਂਸ ਏਅਰ ਰੇਡ ਬਲੈਕ ਆਉਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ, ਡਿਪਟੀ ਕਮਿਸ਼ਨਰ-ਕਮ- ਕੰਟਰੋਲਰ, ਸਿਵਲ ਡਿਫੈਂਸ ਨਵਜੋਤ ਕੌਰ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ਼ ਰਛਪਾਲ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਕ ਡਰਿੱਲ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਰੁਟੀਨ ਅਭਿਆਸ ਹੈ, ਜੋ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਤਿਆਰੀ ਦਾ ਮੁਲਾਂਕਣ ਕਰਨ ਲਈ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਇਹ ਮੌਕ ਐਕਸਰਸਾਈਜ਼, ਬੱਸ ਸਟੈਂਡ ਮਾਨਸਾ ਤੋਂ ਕੋਰਟ ਰੋਡ ਦੇ ਹਿੱਸੇ ਵਿੱਚ, ਇੱਕ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ। ਇਸ ਅਭਿਆਸ ਦੌਰਾਨ ਬੱਸ ਸਟੈਂਡ, ਮਾਤਾ ਸੁੰਦਰੀ ਕਾਲਜ, ਕੋਰਟ ਰੋਡ, ਕੇਸਰ ਸਿੰਘ ਵਾਲੀ ਗਲੀ, 33 ਫੁੱਟੀ ਰੋਡ, ਛੋਟੀ ਮਾਨਸਾ ਅਧੀਨ ਆਉਂਦੇ ਰਸਤੇ, ਘਰਾਂ ਅਤੇ ਦੁਕਾਨਾਂ ਵਿੱਚ ਬਿਜਲੀ ਸਪਲਾਈ ਬੰਦ ਕਰਕੇ ਪੂਰਨ ਬਲੈਕਆਉਟ ਲਾਗੂ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਬਲੈਕ ਆਉਟ ਪੀਰੀਅਡ ਦੌਰਾਨ ਸਾਰੀਆਂ ਲਾਈਟਾਂ, ਜਰਨੇਟਰ, ਟੋਰਚ ਆਦਿ ਬੰਦ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ।
ਇਹ ਐਕਸਰਸਾਈਜ਼ ਇੱਕ ‘‘ਆਲ ਕਲੀਅਰ’’ ਸਿਗਨਲ ਨਾਲ ਸਮਾਪਤ ਹੋਵੇਗੀ, ਜਿਸ ਤਹਿਤ ਹਾਈ-ਪਿਚ ਸਾਇਰਨ ਲਗਾਤਾਰ ਦੋ ਮਿੰਟ ਲਈ ਵਜਾਇਆ ਜਾਵੇਗਾ, ਜੋ ਅਭਿਆਸ ਦੀ ਰਸਮੀ ਸਮਾਪਤੀ ਨੂੰ ਦਰਸਾਏਗਾ।
ਇਸ ਮੌਕ ਅਭਿਆਸ ਦੌਰਾਨ, ਵੱਖ-ਵੱਖ ਐਮਰਜੈਂਸੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਅਤੇ ਬਚਾਅ ਕਾਰਜ, ਫਸਟ-ਏਡ ਅਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਟ੍ਰੈਫਿਕ ਅਤੇ ਭੀੜ ਕੰਟਰੋਲ ਉਪਾਅ ਸ਼ਾਮਲ ਹਨ, ਰਾਹੀਂ ਐਮਰਜੈਂਸੀ ਦੀ ਸਥਿਤੀ ਵਿੱਚ ਫੀਲਡ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ।
ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਇਸ ਦੌਰਾਨ ਕਿਹਾ ਕਿ ਇਹ ਇੱਕ ਅਭਿਆਸੀ ਕਾਰਵਾਈ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਸ ਮੌਕ ਡਰਿੱਲ ਬਾਰੇ ਅਫਵਾਹ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਪੀ ਮਨਮੋਹਨ ਸਿੰਘ ਔਲਖ, ਡੀਐਸਪੀ ਹੈੱਡ ਕੁਆਰਟਰ ਪੁਸ਼ਪਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਕਾਰਜਸਾਧਕ ਅਫਸਰ ਕੁਲਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।








