22 ਅਪ੍ਰੈਲ, ਪਟਿਆਲਾ:
ਦੋ ਵੱਖ-ਵੱਖ ਸਕੂਲਾਂ ਨੂੰ ਮਿਲੇ ਚਾਰ ਨਵੇਂ ਕਲਾਸਰੂਮ
ਸਕੂਲੀ ਸਿੱਖਿਆ ਨੂੰ ਉੱਚਾ ਚੁੱਕਣਾ ਆਪ ਸਰਕਾਰ ਦਾ ਮੁੱਖ ਟੀਚਾ : ਕੋਹਲੀ
ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਜਿਸ ਦੇ ਤਹਿਤ ਹੀ ਬਲਾਕ ਪਟਿਆਲਾ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰੂ ਕੁਟੀਆ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਾਈ ਮਾਜਰਾ ਵਿਖੇ ਬਣਾਏ ਗਏ ਚਾਰ ਨਵੇਂ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਪਟਿਆਲਾ (ਸ਼ਹਿਰੀ) ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ।
ਵਿਧਾਇਕ ਕੋਹਲੀ ਦੇ ਸਕੂਲ ਵਿੱਚ ਪਹੁੰਚਣ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਬੀਪੀਈਓ ਪ੍ਰਿਥੀ ਸਿੰਘ ਵੱਲੋਂ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਨੂੰ ਆਖਿਆ ਗਿਆ।
ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਨਾਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਦੀ ਦਸ਼ਾ ਨੂੰ ਸੁਧਾਰਨ ਵਿੱਚ ਲਗਾਤਾਰ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਸਰਕਾਰੀ ਸਕੂਲਾਂ ਉਪਰ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਵਿਧਾਇਕ ਕੋਹਲੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਭਰੋਸਾ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ ਜਿਸ ਨੂੰ ਦੁਬਾਰਾ ਬਣਾਉਣ ਵਿੱਚ ਪੰਜਾਬ ਸਰਕਾਰ ਕਾਮਯਾਬ ਹੋਈ ਹੈ।
ਉਨਾਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਸਰਕਾਰੀ ਸਕੂਲਾਂ ਵਿੱਚ ਐਲਈਡੀ ਪੈਨਲ ਤੱਕ ਲੱਗ ਚੁੱਕੇ ਹਨ, ਜਿਨਾਂ ਦੀ ਮਦਦ ਨਾਲ ਵਿਦਿਆਰਥੀ ਹਰ ਇੱਕ ਔਖੇ ਤੋਂ ਔਖੇ ਵਿਸ਼ੇ ਬਾਰੇ ਜਾਣਕਾਰੀ ਬਹੁਤ ਹੀ ਸਰਲ ਅਤੇ ਸੌਖੀ ਭਾਸ਼ਾ ਵਿੱਚ ਹਾਸਲ ਕਰ ਰਹੇ ਹਨ।
ਵਿਧਾਇਕ ਕੋਹਲੀ ਨੇ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਾਲੂ ਮਹਿਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦਾ ਦੌਰ ਜਾਰੀ ਹੈ। ਉਹਨਾਂ ਨੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਹੈ।
ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਪੜ੍ਹਾਈ ਵਿਚ ਪਿੱਛੇ ਨਹੀਂ ਹਨ। ਸਰਕਾਰੀ ਸਕੂਲਾਂ ਦੇ ਪੜੇ ਹੋਏ ਵਿਦਿਆਰਥੀ ਆਈਏਐਸ, ਪੀਸੀਐਸ, ਇੰਜੀਨੀਅਰ, ਡਾਕਟਰ, ਪ੍ਰੋਫੈਸਰ, ਅਧਿਆਪਕ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ।
ਇਸ ਮੌਕੇ ਵਾਰਡ ਨੰਬਰ 36 ਦੇ ਕੌਂਸਲਰ ਰੀਨੂੰ ਬਾਲਾ, ਵਾਰਡ ਨੰਬਰ 37 ਦੇ ਕੌਂਸਲਰ ਹਰਪ੍ਰੀਤ ਸਿੰਘ, ਆਪ ਆਗੂ ਰਿੱਕੀ ਸੂਲਰ, ਵਿਧਾਇਕ ਕੋਹਲੀ ਦੇ ਓਐਸਡੀ ਹਰਸ਼ਪਾਲ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ, ਸੀਐਚਟੀ ਘਾਸ ਮੰਡੀ ਅਮਨਦੀਪ ਕੌਰ, ਸੀਐਚਟੀ ਪੂਰਨ ਸਿੰਘ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਦਾਰੂ ਕੁਟੀਆ ਸਕੂਲ ਦੇ ਇੰਚਾਰਜ ਸਰਬਜੀਤ ਕੌਰ, ਭੁਪਿੰਦਰ ਕੌਰ, ਚਰਨਜੀਤ ਸਿੰਘ ਅਤੇ ਅਰਾਈ ਮਾਜਰਾ ਸਕੂਲ ਦੇ ਮੁੱਖ ਅਧਿਆਪਕਾ ਕਮਲਦੀਪ ਕੌਰ, ਰੋਹਿਤ ਕੌਸ਼ਲ ਅਤੇ ਵਿਸ਼ਾਲ ਗੋਇਲ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।








