ਪਟਿਆਲਾ: ਸਮੁੱਚੇ ਪੰਜਾਬ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੂੰ ਯੂ.ਜੀ.ਸੀ. ਐਕਟ, 1956 ਦੀ ਧਾਰਾ 12ਬੀ (12B) ਦੇ ਤਹਿਤ ਮਾਨਤਾ ਦਿੱਤੀ ਗਈ ਹੈ। ਇਹ ਅਹਿਮ ਪ੍ਰਾਪਤੀ ਮਾਨਯੋਗ ਵਾਈਸ-ਚਾਂਸਲਰ ਪ੍ਰੋ.ਰਤਨ ਸਿੰਘ ਜੀ ਦੀ ਯੋਗ ਰਹਿਨੁਮਾਈ ਅਤੇ ਦੂਰਅੰਦੇਸ਼ੀ ਸੋਚ ਸਦਕਾ ਸੰਭਵ ਹੋਈ ਹੈ, ਜਿਨ੍ਹਾਂ ਦੀ ਅਗਵਾਈ ਅਤੇ ਉਤਸ਼ਾਹ ਨੇ ਯੂਨੀਵਰਸਿਟੀ ਨੂੰ ਇਸ ਮੀਲ ਪੱਥਰ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 12B ਦਾ ਦਰਜਾ ਮਿਲਣ ਦੇ ਨਾਲ ਯੂਨੀਵਰਸਿਟੀ ਆਪਣੇ ਥੋੜੇ ਸਮੇਂ ਦੇ ਕਾਰਜਕਾਲ ਦੌਰਾਨ ਹੀ ਪੁਰਾਣੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਹਾਣ ਦੀ ਬਣ ਚੁਕੀ ਹੈ ਜੋ ਕਿ ਸਮੁਚੇ ਅਕਾਦਮਿਕ ਜਗਤ ਲਈ ਮਾਣ ਵਾਲੀ ਗੱਲ ਹੈ ।
ਇਸ ਖੁਸ਼ੀ ਦੇ ਮੌਕੇ ਵਾਈਸ ਚਾਂਸਲਰ ਸਾਹਿਬ ਵਲੋਂ ਫੈਕਲਟੀ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੇ ਅਟੁੱਟ ਸਮਰਪਣ, ਸੁਹਿਰਦ ਯਤਨਾਂ ਅਤੇ ਸਮੂਹਿਕ ਵਚਨਬੱਧਤਾ ਲਈ ਤਹਿ ਦਿਲੋਂ ਵਧਾਈ ਦਿੱਤੀ, ਜਿਸ ਸਦਕਾ ਇਹ ਵੱਕਾਰੀ ਪ੍ਰਾਪਤੀ ਪ੍ਰਾਪਤ ਹੋਈ ਹੈ। ਇਹ ਮਾਨਤਾ ਨਾ ਸਿਰਫ਼ ਸਾਡੀ ਅਕਾਦਮਿਕ ਭਰੋਸੇਯੋਗਤਾ ਦਾ ਪ੍ਰਮਾਣ ਹੈ, ਸਗੋਂ ਯੂਨੀਵਰਸਿਟੀ ਦੇ ਉੱਤਮਤਾ ਵੱਲ ਸਫ਼ਰ ਵਿੱਚ ਇੱਕ ਨਿਰਣਾਇਕ ਕਦਮ ਵੀ ਹੈ ।
ਇਸ ਖੁਸ਼ੀ ਦੇ ਮੌਕੇ ਉੱਪਰ ਮਾਨਯੋਗ ਵਾਈਸ ਚਾਂਸਲਰ ਸਾਹਿਬ ਤੋਂ ਇਲਾਵਾ ਡਾ. ਕੁਲਦੀਪ ਵਾਲੀਆ ਡਾਇਰੈਕਟਰ CIQA, ਡੀਨ ਅਕਾਦਮਿਕ ਮਾਮਲੇ ਡਾ. ਅਮਿਤੋਜ ਸਿੰਘ, ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ, ਡਾਇਰੈਕਟਰ ਲੋਕ ਸੰਪਰਕ ਅਤੇ ਯੂਨੀਵਰਸਿਟੀ ਦੇ ਹੋਰ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜਿਰ ਸਨ ਜਿਨ੍ਹਾਂ ਨੇ ਇਸ ਪ੍ਰਾਪਤੀ ਦੇ ਮੌਕੇ ਉੱਪਰ ਇਹਨਾਂ ਵਿਰਾਸਤੀ ਪਲਾਂ ਨੂੰ ਮਾਣਿਆ ।








