Google search engine
HomePunjabਨਵੀਨਤਮ ਖੇਤੀ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਕੇ ਆਮਦਨ ਵਿੱਚ ਵਾਧਾ...

ਨਵੀਨਤਮ ਖੇਤੀ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ- ਵਿਧਾਇਕ ਡਾ. ਵਿਜੈ ਸਿੰਗਲਾ

ਮਾਨਸਾ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ 2026 ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਗੁਰਜੀਤ ਸਿੰਘ ਬਰਾੜ ਦੇ ਦਿਸ਼ਾ—ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ  ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਤਮਾ ਸਕੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ।

ਕੈਂਪ ਵਿਚ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ ਅਤੇ ਐੱਸ.ਡੀ.ਐੱਮ. ਮਾਨਸਾ ਸ੍ਰੀਮਤੀ ਬਲਜੀਤ ਕੌਰ ਵੱਲੋਂ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇਨ੍ਹਾਂ ਨਵੀਨਤਮ ਖੇਤੀ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।  ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਬਿਨ੍ਹਾਂ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੇ ਵਧੀਆ ਖਾਧ ਪਦਾਰਥ ਤਿਆਰ ਕੀਤੇ ਜਾ ਸਕਣ ਅਤੇ ਮਨੁੱਖ ਸਿਹਤ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਵੀ ਕਿਸਾਨ ਔਰਗੈਨਿਕ ਖੇਤੀ ਕਰਦੇ ਹਨ। ਸਾਡੇ ਕਿਸਾਨ ਹਿੰਮਤ ਅਤੇ ਹੌਸਲੇ ਨਾਲ ਨਿਰੰਤਰ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੂਹ ਬਣਾ ਕੇ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ।

ਯੂਥ ਆਗੂ, ਸ੍ਰੀ ਚੁਸਪਿੰਦਰ ਸਿੰਘ ਚਹਿਲ ਨੇ ਜ਼ਿਲ੍ਹਾ ਪੱਧਰੀ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਕੈਂਪ ਤੋਂ ਖੇਤੀਬਾੜੀ ਸਬੰਧੀ ਗਿਆਨ ਪ੍ਰਾਪਤ ਕਰਕੇ ਆਪਣੇ ਖੇਤਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ ਅਤੇ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਚੱਲਣਾ ਚਾਹੀਦਾ ਹੈ ਕਿਉਂਕਿ ਵਿਭਾਗ ਵੱਲੋਂ ਕਈ ਸਾਲ ਖੋਜਾਂ ਕਰਨ ਉਪਰੰਤ ਹੀ ਆਪਣੀਆਂ ਸਿਫਾਰਿਸ਼ਾਂ ਕਿਸਾਨਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।

ਐੱਸ.ਡੀ.ਐੱਮ. ਸ੍ਰੀਮਤੀ ਬਲਜੀਤ ਕੌਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਸਿਖਲਾਈ ਕੈਂਪ ਲਗਾਉਣ ਦਾ ਮੰਤਵ ਖੇਤੀਬਾੜੀ ਸਬੰਧੀ ਜਾਰੀ ਹੋਈਆਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਕਿਸਾਨ ਇਨ੍ਹਾਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਣ।

ਕੈਂਪ ਦੀ ਪ੍ਰਧਾਨਗੀ ਕਰਦਿਆਂ ਸੰਯੁਕਤ ਡਾਇਰੈਕਟਰ ਖੇਤੀਬਾੜੀ, ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸਾਉਣੀ 2026 ਦੌਰਾਨ ਨਰਮੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਲਈ ਕਿਹਾ ਤਾਂ ਜੋ ਝੋਨੇ ਹੇਠੋਂ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਉਣ ਦੀ ਅਪੀਲ ਕੀਤੀ ਤਾਂ ਜੋ ਖੇਤੀਬਾੜੀ ਦੇ ਨਾਲ—ਨਾਲ ਡੇਅਰੀ, ਬਾਗਬਾਨੀ, ਫੂਡ ਪ੍ਰਸੈਸਇੰਗ ਆਦਿ ਕਰਦੇ ਹੋਏ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਵੀ ਕਿਹਾ।

ਕੈਂਪ ਦੌਰਾਨ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਗੁਰਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਅਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਨਵਕਰਨਜੋਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਆਦਿ ਅਧਿਕਾਰੀਆਂ ਵੱਲੋਂ ਵੱਖ—ਵੱਖ ਵਿਸ਼ਿਆਂ ਸਬੰਧੀ ਖੇਤੀਬਾੜੀ ਦੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਉੱਥੇ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਤੋਂ ਸਾਇੰਸਦਾਨਾਂ ਦੀ ਟੀਮ ਅਜੈ ਸਿੰਘ, ਸਹਾਇਕ ਪ੍ਰੋਫੈਸਰ(ਪਸ਼ੂ ਵਿਗਿਆਨ), ਇੰਜ: ਅਲੋਕ ਗੁਪਤਾ, ਸਹਾਇਕ ਪ੍ਰੋਫੈਸਰ (ਮਿੱਟੀ ਅਤੇ ਪਾਣੀ ਵਿਗਿਆਨ), ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਮਾਹਰਾਂ ਵੱਲੋਂ ਸਾਉਣੀ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਬਾਰੇ, ਸਾਉਣੀ ਦੀਆਂ ਫਸਲਾਂ ਵਿੱਚ ਕੀੜੇ—ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਸਬੰਧੀ ਅਤੇ ਸਹਾਇਕ ਧੰਦਿਆਂ ਸਬੰਧੀ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਵਧੀਆ ਤਰੀਕੇ ਨਾਲ ਢੁਕਵਾਂ ਹੱਲ ਦੱਸਿਆ ਗਿਆ।

ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2026 ਦੌਰਾਨ ਨਰਮੇ  ਦੀ ਫਸਲ ਹੇਠ 28000 ਹੈਕਟੇਅਰ ਨਰਮੇ ਦੀ ਬਿਜਾਈ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਅਨੁਸਾਰ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਬਿਜਾਈ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕੇ।  ਉਨ੍ਹਾਂ ਵਿਭਾਗ ਅੰੰਦਰ ਚੱਲ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਰਿਸ਼ੀਰਾਜ ਮਾਨਖੇੜਾ, ਪ੍ਰਧਾਨ ਕਿਸਾਨ ਵਿੰਗ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਘੱਟੋ—ਘੱਟ ਆਪਣੀ ਜ਼ਰੂਰਤ ਅਨੁਸਾਰ ਔਰਗੈਨਿਕ ਫਸਲਾਂ ਅਤੇ ਸਬਜ਼ੀਆਂ ਜ਼ਰੂਰ ਉਗਾਉਣੀਆਂ ਚਾਹੀਦੀਆਂ ਹਨ, ਇਸ ਨਾਲ ਜਿੱਥੇ ਪੈਸਿਆਂ ਦੀ ਬੱਚਤ ਹੁੰਦੀ ਹੈ ਉੱਥੇ ਕਿਸਾਨ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ, ਕਿਉਂਕਿ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਬਹੁਤ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।

ਕੈਂਪ ਦੌਰਾਨ ਬਾਗਬਾਨੀ ਵਿਭਾਗ, ਭੂਮੀ ਰੱਖਿਆ ਵਿਭਾਗ, ਡੇਅਰੀ ਵਿਕਾਸ, ਪਸ਼ੂ ਪਾਲਣ, ਇਫਕੋ, ਮਾਰਕਫੈੱਡ, ਮੱਛੀ ਪਾਲਣ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ, ਜਿਨ੍ਹਾਂ ਦਾ ਕਿਸਾਨਾਂ ਵੱਲੋਂ ਭਰਪੂਰ ਲਾਭ ਉਠਾਇਆ ਗਿਆ। ਵਿਭਾਗ ਵੱਲੋਂ ਸਟਾਲਾਂ ਲਗਾਉਣ ਵਾਲੇ ਸਰਕਾਰੀ ਅਦਾਰਿਆਂ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ਼ ਸੰਚਾਲਨ ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਮਾਨਸਾ ਵੱਲੋਂ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI