ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸਹਿਕਾਰੀ ਡੇਅਰੀ ਖੇਤਰ ਨੂੰ ਆਧੁਨਿਕ ਬਣਾਉਣ ਅਤੇ ਇਸ ਦੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਵੇਰਕਾ ਲੁਧਿਆਣਾ ਡੇਅਰੀ ਨੂੰ ਅੱਪਗ੍ਰੇਡ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਿਸ਼ਾ ਵਿੱਚ ਸਕੱਤਰ (ਸਹਿਕਾਰਤਾ) ਅਜੀਤ ਬਾਲਾਜੀ ਜੋਸ਼ੀ ਅਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਡੇਅਰੀ ਦਾ ਦੌਰਾ ਕਰਕੇ ਆਧੁਨਿਕੀਕਰਨ ਪ੍ਰੋਜੈਕਟ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਮੌਜੂਦਾ ਉਤਪਾਦਨ, ਭਰਾਈ ਤੇ ਪੈਕੇਜਿੰਗ ਪ੍ਰਣਾਲੀ ਦੀ ਜਾਂਚ ਕੀਤੀ। ਦੌਰੇ ਦੌਰਾਨ ਇਹ ਸਾਹਮਣੇ ਆਇਆ ਕਿ ਹੋਲ ਮਿਲਕ ਪਾਊਡਰ ਦੀ ਭਰਾਈ ਅਤੇ ਪੈਕਿੰਗ ਲਈ ਵਰਤਿਆ ਜਾ ਰਿਹਾ ਢਾਂਚਾ ਕਾਫੀ ਪੁਰਾਣਾ ਹੋ ਚੁੱਕਾ ਹੈ ਅਤੇ ਮੌਜੂਦਾ ਆਟੋਮੇਟਿਡ ਪ੍ਰਣਾਲੀਆਂ ਦੇ ਮੁਕਾਬਲੇ ਪਿੱਛੇ ਰਹਿ ਗਿਆ ਹੈ, ਜਿਸ ਕਾਰਨ ਇਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।
ਅਧਿਕਾਰੀਆਂ ਨੇ ਪੂਰੀ ਤਰ੍ਹਾਂ ਸਵੈਚਾਲਿਤ ਪ੍ਰਣਾਲੀਆਂ ਨੂੰ ਅਪਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰਨਾਟਕ ਅਤੇ ਵਾਰਨਾ ਵਰਗੀਆਂ ਅਗੇਤੀ ਡੇਅਰੀ ਸੰਸਥਾਵਾਂ ਦੀ ਤਰ੍ਹਾਂ ਪੰਜਾਬ ਮਿਲਕਫੈੱਡ ਨੂੰ ਵੀ ਐਂਡ-ਟੂ-ਐਂਡ ਆਟੋਮੇਸ਼ਨ ਵੱਲ ਵਧਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਇੱਕ ਟੀਮ ਨੂੰ ਹੋਰ ਰਾਜਾਂ ਦੀਆਂ ਅਧੁਨਿਕ ਡੇਅਰੀਆਂ ਦਾ ਅਧਿਐਨ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਮੁਲਾਂਕਣ ਤੋਂ ਬਾਅਦ ਅਗਲੇ ਤਿੰਨ ਮਹੀਨਿਆਂ ਵਿੱਚ ਵੇਰਕਾ ਲੁਧਿਆਣਾ ਡੇਅਰੀ ਵਿੱਚ ਹੋਲ ਮਿਲਕ ਪਾਊਡਰ ਫਿਲਿੰਗ ਅਤੇ ਪੈਕਿੰਗ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਟੋਮੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਦੇ ਹਰ ਪੜਾਅ ‘ਤੇ ਸੀਸੀਟੀਵੀ ਨਿਗਰਾਨੀ, ਕਿਊਆਰ ਕੋਡ ਆਧਾਰਿਤ ਡਾਇਨਾਮਿਕ ਸੀਲਿੰਗ ਅਤੇ ਆਰਐਫਆਈਡੀ ਵਰਗੀਆਂ ਆਧੁਨਿਕ ਏਆਈ ਅਤੇ ਆਈਟੀ ਤਕਨਾਲੋਜੀਆਂ ਨੂੰ ਵੀ ਲਾਗੂ ਕੀਤਾ ਜਾਵੇਗਾ, ਤਾਂ ਜੋ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਸਰਕਾਰ ਦਾ ਲੱਖ ਹੈ ਕਿ ਮਿਲਕਫੈੱਡ ਨੂੰ ਮਾਰਕੀਟ ਵਿੱਚ ਅਗੇਤੀ ਸਥਾਨ ‘ਤੇ ਕਾਇਮ ਰੱਖਣ ਲਈ ਉੱਚ ਮਿਆਰ ਅਤੇ ਮੁਕਾਬਲੇਬਾਜ਼ੀ ਨੂੰ ਤਰਜੀਹ ਦਿੱਤੀ ਜਾਵੇ। ਦੌਰੇ ਦੌਰਾਨ ਸਕੱਤਰ ਨੇ ਵੇਰਕਾ ਮੋਗਾ ਡੇਅਰੀ, ਬੱਸੀ ਪਠਾਣਾ ਅਤੇ ਖੰਨਾ ਸਥਿਤ ਕੈਟਲ ਫੀਡ ਪਲਾਂਟ ਦਾ ਵੀ ਜਾਇਜ਼ਾ ਲਿਆ।







