Saturday, October 17, 2026
Home Patiala Updates ਵੇਰਕਾ ਮਿਲਕ ਪਲਾਂਟ, ਪਟਿਆਲਾ ਤੇ ਪੀ.ਆਰ.ਟੀ.ਸੀ ਦਰਮਿਆਨ ਨਵੀਆਂ ਮਿਲਕਬਾਰਾਂ ਲਗਾਉਣ ਲਈ ਇਕਰਾਰਨਾਮਾ

ਵੇਰਕਾ ਮਿਲਕ ਪਲਾਂਟ, ਪਟਿਆਲਾ ਤੇ ਪੀ.ਆਰ.ਟੀ.ਸੀ ਦਰਮਿਆਨ ਨਵੀਆਂ ਮਿਲਕਬਾਰਾਂ ਲਗਾਉਣ ਲਈ ਇਕਰਾਰਨਾਮਾ

0
56

ਪਟਿਆਲਾ: ਵੇਰਕਾ ਮਿਲਕ ਪਲਾਂਟ, ਪਟਿਆਲਾ ਨੇ ਪੀ.ਆਰ.ਟੀ.ਸੀ ਅਧੀਨ ਪੈਂਦੇ ਬੱਸ ਸਟੈਂਡਾਂ ਅਤੇ ਵਰਕਸ਼ਾਪਾਂ ਵਿੱਚ ਮਿਲਕ ਬਾਰਾਂ ਲਗਾਉਣ ਲਈ ਪੀ.ਆਰ.ਟੀ.ਸੀ. ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਸਮਝੌਤਾ ਪੀ.ਆਰ.ਟੀ.ਸੀ ਦੇ ਚੇਅਰਮੈਨ ਸ. ਹਰਪਾਲ ਸਿੰਘ ਜੁਨੇਜਾ, ਪ੍ਰਬੰਧਕ ਨਿਰਦੇਸ਼ਕ ਸ. ਬਿਕਰਮਜੀਤ ਸਿੰਘ ਸ਼ੇਰਗਿਲ ਸਮੇਤ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਡਾ. ਅਮਿਤ ਗਰਗ ਦੀ ਮੌਜੂਦਗੀ ਵਿੱਚ ਕੀਤਾ ਗਿਆ।ਇਸ ਦੌਰਾਟ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਨਵਦੀਪ ਕੁਮਾਰ, ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ ਤੇ ਮੋਹਿੰਦਰਪਾਲ ਸਿੰਘ ਵੀ ਮੌਜੂਦ ਸਨ।

               ਇਸ ਮੌਕੇ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਇਸ ਇਕਰਾਰ ਨਾਲ ਸਵਾਰੀਆਂ ਨੂੰ ਗੁਣਵੱਤਾ ਭਰਪੂਰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਹੋਣਗੀਆਂ। ਜੁਨੇਜਾ ਨੇ ਦੱਸਿਆ ਕਿ ਇਸ ਇਕਰਾਰਨਾਮੇ ਦਾ ਮੁੱਖ ਉਦੇਸ਼ ਵੇਰਕਾ ਦੇ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥ ਪੰਜਾਬ ਦੇ ਉਪਭੋਗਤਾਵਾਂ ਤੱਕ ਪਹੁੰਚਾਉਣਾ ਹੈ।

               ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਪੀ.ਆਰ.ਟੀ.ਸੀ ਦੇ ਵੱਖ-ਵੱਖ ਬੱਸ ਅੱਡਿਆਂ ਅਤੇ ਹੋਰ ਥਾਵਾਂ ‘ਤੇ ਵੇਰਕਾ ਦੀਆਂ ਮਿਲਕ ਬਾਰਾਂ ਖੋਲ੍ਹੀਆਂ ਜਾਣਗੀਆਂ। ਇਸ ਨਾਲ ਇੱਕ ਪਾਸੇ ਜਿੱਥੇ ਆਮ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਉੱਥੇ ਹੀ ਯਾਤਰੀਆਂ ਨੂੰ ਸਾਫ਼-ਸੁਥਰੇ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦ ਆਸਾਨੀ ਨਾਲ ਪ੍ਰਾਪਤ ਹੋਣਗੇ।ਚੇਅਰਮੈਨ ਨੇ ਕਿਹਾ ਕਿ ਇਹ ਪਹਿਲ ਪੰਜਾਬ ਸਰਕਾਰ ਦੇ ਲੋਕ-ਭਲਾਈ ਅਤੇ ਰੋਜ਼ਗਾਰ ਵਧਾਉਣ ਦੇ ਵਿਜ਼ਨ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।

                   ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਕਿਹਾ ਕਿ ਵੇਰਕਾ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦਾ ਆਪਣਾ ਅਦਾਰਾ ਹੈ, ਜੋ ਦੁੱਧ ਉਤਪਾਦਕਾਂ ਅਤੇ ਉਪਭੋਗਤਾਵਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਮਿਲਕਫੈਡ ਪੰਜਾਬ ਦੇ ਪ੍ਰਬੰਧਕ ਨਿਰਦੇਸ਼ਕ ਰਾਹੁਲ ਗੁਪਤਾ ਵੱਲੋਂ ਪੂਰੇ ਪੰਜਾਬ ਵਿੱਚ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦ ਮਾਰਕੀਟ ਕਰਨ ਲਈ ਵੱਖ-ਵੱਖ ਸਰਕਾਰੀ ਅਦਾਰਿਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀਆਂ ਜਗ੍ਹਾਂ ‘ਤੇ ਵੇਰਕਾ ਦੀਆਂ ਮਿਲਕ ਬਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here