ਕੈਨੇਡਾ ਦੇ ਲਾਸਾਲ ਸ਼ਹਿਰ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 45 ਸਾਲਾ ਨੈਂਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲਾਸਾਲ ਪੁਲੀਸ ਸਰਵਿਸ ਨੇ ਮ੍ਰਿਤਕ ਮਹਿਲਾ ਦੀ ਪਛਾਣ ਵਿੰਡਸਰ ਦੀ ਰਹਿਣ ਵਾਲੀ ਨੈਂਸੀ ਗਰੇਵਾਲ ਵਜੋਂ ਕੀਤੀ ਹੈ।
ਵਿੰਡਸਰ ਸਟਾਰ ਦੀ ਰਿਪੋਰਟ ਮੁਤਾਬਕ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਨੈਂਸੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ। ਪੁਲੀਸ ਦੇ ਅਨੁਸਾਰ ਪ੍ਰਾਰੰਭਿਕ ਜਾਂਚ ਵਿੱਚ ਇਹ ਘਟਨਾ ਇੱਕ ਅਲੱਗ ਮਾਮਲਾ ਲੱਗਦੀ ਹੈ ਅਤੇ ਇਸ ਨਾਲ ਜਨਤਕ ਸੁਰੱਖਿਆ ਨੂੰ ਕੋਈ ਵੱਡਾ ਖ਼ਤਰਾ ਨਹੀਂ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿਸੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਨਹੀਂ।
ਪੁਲੀਸ ਅਤੇ ਪੈਰਾਮੈਡਿਕ ਟੀਮ ਨੂੰ ਮੰਗਲਵਾਰ ਰਾਤ ਕਰੀਬ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਇੱਕ ਮਹਿਲਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੀ ਟੀਮ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਗੰਭੀਰ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ।
ਬੁੱਧਵਾਰ ਸਵੇਰੇ ਪੁਲੀਸ ਨੇ ਟੌਡ ਲੇਨ ‘ਤੇ ਕੈਨੇਡਾ ਸਟ੍ਰੀਟ ਅਤੇ ਬਿਸ਼ਪ ਸਟ੍ਰੀਟ ਦੇ ਵਿਚਕਾਰ ਦੋ ਘਰਾਂ ਨੂੰ ਘੇਰ ਲਿਆ। ਇੱਕ ਘਰ ਦੇ ਸਾਹਮਣੇ ਵਾਲੇ ਰਸਤੇ ਅਤੇ ਪੌੜੀਆਂ ‘ਤੇ ਸਬੂਤ ਮਾਰਕਰ ਵੀ ਲਗਾਏ ਗਏ। ਇਸ ਤੋਂ ਇਲਾਵਾ ਪੁਲੀਸ ਨੇ ਟੌਡ ਲੇਨ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਹਰਬ ਗ੍ਰੇ ਪਾਰਕਵੇਅ ਨੇੜੇ ਇਕ ਜੰਗਲੀ ਖੇਤਰ ਨੂੰ ਵੀ ਪੀਲੀ ਟੇਪ ਨਾਲ ਘੇਰਿਆ ਹੋਇਆ ਸੀ, ਜਿੱਥੇ ਪੈਦਲ ਚੱਲਣ ਵਾਲੇ ਰਸਤੇ ਦਾ ਦਰਵਾਜ਼ਾ ਹੈ।
ਪੁਲੀਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਡਿਟੈਕਟਿਵ ਸਾਰਜੈਂਟ ਜੇਮੀ ਨੇਸਟਰ ਨਾਲ 519-969-5210 (ਐਕਸਟੈਂਸ਼ਨ 2531) ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਨੇੜਲੇ ਇਲਾਕੇ ਦੇ ਲੋਕਾਂ ਤੋਂ ਸੀਸੀਟੀਵੀ ਫੁਟੇਜ ਵੀ ਮੰਗੀ ਗਈ ਹੈ।
ਕੌਣ ਸੀ ਨੈਂਸੀ ਗਰੇਵਾਲ?
ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਸੀ ਅਤੇ ਸਿੱਖ ਸਿਆਸਤ, ਵੱਡੇ ਰਾਜਨੀਤਿਕ ਆਗੂਆਂ ਅਤੇ ਖਾਸ ਕਰਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਿਰੁੱਧ ਆਪਣੀਆਂ ਤਿੱਖੀਆਂ ਤੇ ਵਿਵਾਦਪੂਰਨ ਟਿੱਪਣੀਆਂ ਲਈ ਜਾਣੀ ਜਾਂਦੀ ਸੀ। ਉਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਸਨ ਅਤੇ ਇਸ ਕਾਰਨ ਉਹ ਕਈ ਵਾਰ ਵਿਰੋਧ ਦਾ ਵੀ ਸਾਹਮਣਾ ਕਰਦੀ ਸੀ।
ਹਾਲਾਂਕਿ ਪੁਲੀਸ ਵੱਲੋਂ ਹੁਣ ਤੱਕ ਨੈਂਸੀ ਗਰੇਵਾਲ ਦੀ ਤਸਵੀਰ ਜਾਰੀ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।






