ਪਟਿਆਲਾ : ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਸੂਬੇ ਵਿੱਚ ਗੈਂਗਸਟਰ ਤੇ ਸਮੱਗਲਰ ਪਿਛਲੇ ਸਮੇਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੀ ਦੇਣ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਨ੍ਹਾਂ ਦਾ ਸਫ਼ਾਇਆ ਸ਼ੁਰੂ ਕਰ ਦਿੱਤਾ ਹੈ। ਜੇਲ੍ਹ ਮੰਤਰੀ ਅੱਜ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਪੰਜਾਬ ਜੇਲ ਵਿਭਾਗ ਦੇ ਵਾਰਡਰਾਂ ਤੇ ਮੈਟਰਨਜ਼ ਦੀ ਮੁਢਲੀ ਸਿਖਲਾਈ ਮੁਕੰਮਲ ਹੋਣ ਬਾਅਦ ਪਾਸਿੰਗ ਆਊਟ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਅਰੁਨਪਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਤੇ ਆਈ.ਜੀ. ਜੇਲਾਂ ਮੁਹੰਮਦ ਤਇਅਬ ਵੀ ਮੌਜੂਦ ਸਨ।
ਆਪਣੇ ਸੰਬੋਧਨ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਹਥਿਆਰਾਂ ਦੀ ਸਿਖਲਾਈ ਸਮੇਤ ਜੇਲ੍ਹਾਂ ਵਿੱਚ ਹਾਈ ਰਿਸਕ ਬੰਦੀਆਂ ਤੇ ਇਨ੍ਹਾਂ ਦੇ ਆਪਸ ‘ਚ ਝਗੜਿਆਂ, ਸਮਰੱਥਾ ਤੋਂ ਜ਼ਿਆਦਾਂ ਕੈਦੀਆਂ ਸਮੇਤ ਜੇਲ ਵਿਭਾਗ ਦੇ ਮੰਤਵ ‘ਬੰਦੀ, ਸੰਭਾਲ ਅਤੇ ਸੁਧਾਰ (ਕਸਟਡੀ, ਕੇਅਰ ਐਂਡ ਕੁਰੈਕਸ਼ਨ)’ ਦੀ ਪੂਰਤੀ ਕਰਨ ਤੋਂ ਇਲਾਵਾ ਅਦਾਲਤਾਂ, ਕਮਿਸ਼ਨਾਂ ਅਤੇ ਜੇਲ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਸਿਖਾਈ ਜਾਂਦੀ ਹੈ।
ਜੇਲ੍ਹ ਮੰਤਰੀ ਨੇ ਕਿਹਾ ਕਿ ਇਹ ਅਤਿ-ਆਧੁਨਿਕ ਸਿਖਲਾਈ ਜੇਲ੍ਹ ਅਮਲੇ ਨੂੰ ਮੌਜੂਦਾ ਸਮੇਂ ਦਰਪੇਸ਼ ਨਿੱਤ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਕੰਮ ਆਵੇਗੀ। ਉਨ੍ਹਾਂ ਨੇ ਸਫ਼ਲ ਸਿਖਲਾਈ ਲਈ ਮੁਬਾਰਕਬਾਦ ਦਿੰਦਿਆਂ ਪਾਸਿੰਗ ਆਊਟ ਪਰੇਡ ਦੌਰਾਨ ਟ੍ਰੇਨੀਆਂ ਵੱਲੋਂ ਦਿਖਾਈ ਗਈ ਦ੍ਰਿੜਤਾ ਤੇ ਹੌਂਸਲੇ ਦੀ ਸ਼ਲਾਘਾ ਕੀਤੀ।
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮਗਰੋਂ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ‘ਤੇ ਲਗਾ ਕੇ ਅਤੇ ਬੇਕਸੂਰਾਂ ਨੂੰ ਗੋਲੀਆਂ ਮਾਰ ਕੇ ਫ਼ਿਰੌਤੀਆਂ ਮੰਗਣ ਵਾਲੇ ਲੋਕਾਂ ਦੇ ਦੁਸ਼ਮਣ ਸਰਕਾਰ ਤੋਂ ਰਹਿਮ ਤੇ ਤਰਸ ਦੀ ਕੋਈ ਉਮੀਦ ਨਾ ਕਰਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ ਨੂੰ ਨਸ਼ਾ ਤੇ ਗੈਂਗਸਟਰਵਾਦ ਮੁਕਤ, ਉਨਤ ਤੇ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਬੰਦੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਜੇਲ੍ਹ ਵਿਭਾਗ ਦੀ ਹੈ, ਇਸ ਲਈ ਕਿਸੇ ਬੰਦੀ ਜਾਂ ਕੈਦੀ ਵੱਲੋਂ ਜੇਲ੍ਹ ਵਿਭਾਗ ‘ਤੇ ਲਗਾਏ ਗਏ ਕਿਸੇ ਤਰ੍ਹਾਂ ਦੀ ਅਣਗਹਿਲੀ ਦੇ ਦੋਸ਼ ਬੇਬੁਨਿਆਦ ਹਨ, ਕਿਉਂਕਿ ਜੇਲ੍ਹਾਂ ਵਿਚ ਕੋਈ ਕੁਤਾਹੀ ਨਹੀਂ ਵਰਤੀ ਜਾਂਦੀ।
ਲਾਲਜੀਤ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਉਚ ਦਰਜੇ ਦੇ ਗੈਂਗਸਟਰਾਂ, ਸਮੱਗਲਰਾਂ ਤੇ ਹੋਰ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਨਿਗਰਾਨੀ ਹੇਠਾਂ ਰੱਖਣ ਲਈ ਲੁਧਿਆਣਾ ਵਿਖੇ ਬਣ ਰਹੀ ਹਾਈ ਸਕਿਉਰਿਟੀ ਜੇਲ੍ਹ ਇਸ ਸਾਲ ਦੇ ਅੰਤ ਤੱਕ ਚਾਲੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਮੁਬਾਇਲ, ਫੈਂਕੇ ਤੇ ਹੋਰ ਤਸਕਰੀ ਰੋਕਣ ਲਈ ਅਤਿ-ਆਧੁਨਿਕ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਏ.ਆਈ. ਅਧਾਰਤ ਡਿਜ਼ੀਟਲ ਸੀ.ਸੀ.ਟੀ.ਵੀ ਕੈਮਰੇ, ਫੁੱਲ ਬਾਡੀ ਤੇ ਬੈਗ ਸਕੈਨਰ ਐਕਸਰੇ ਮਸ਼ੀਨਾਂ, ਸਨਿਫ਼ਰ ਡੌਗਜ਼, ਮੈਟਲ ਡਿਟੈਕਟਰ, ਵਾਕੀ-ਟਾਕੀ ਸੈਟ, 5-ਜੀ ਵਾਈਵਾਈ ਸਮਰੱਥਾ ਵਾਲੀ ਸਮਰੱਥ ਵੀ ਕਵਚ ਜੈਮਰ ਸ਼ਾਮਲ ਹਨ।
ਪਾਸਿੰਗ ਆਊਟ ਪਰੇਡ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਿਪੋਰਟ ਪੇਸ਼ ਕੀਤੀ ਅਤੇ ਦੱਸਿਆ ਕਿ ਵਾਰਡਰਜ਼ ਤੇ ਮੈਟਰਨਜ਼ ਦੇ ਬੈਚ ਨੰਬਰ 100 ਦੀ ਪਾਸਿੰਗ ਆਊਟ ਪ੍ਰੇਡ ਕਰਵਾਈ ਗਈ ਹੈ। ਟ੍ਰੇਨਿੰਗ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਟ੍ਰੇਨੀਜ਼ ਨੂੰ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਨਮਾਨਤ ਵੀ ਕੀਤਾ ਗਿਆ।
ਇਸ ਦੌਰਾਨ ਜੇਲ੍ਹ ਵਿਭਾਗ ‘ਚ ਤਰਸ ਦੇ ਅਧਾਰ ‘ਤੇ ਦਿੱਤੀਆਂ ਨੌਕਰੀਆਂ ਦੇ 9 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ। ਸਮਾਗਮ ਮੌਕੇ ਟ੍ਰੇਨੀਆਂ ਨੇ ਅਸਲਾ ਚਲਾਉਣ ਸਮੇਤ ਅਤੇ ਭੰਗੜੇ ਦੀ ਵੀ ਪੇਸ਼ਕਾਰੀ ਕੀਤੀ। ਸਮਾਰੋਹ ਮੌਕੇ ਡੀ.ਆਈ.ਜੀ ਜੇਲ੍ਹਾਂ ਐਸ.ਐਸ. ਮੰਡ ਤੇ ਐਮ.ਕੇ ਸ਼ਰਮਾ ਸਮੇਤ ਵੱਖ-ਵੱਖ ਜੇਲ੍ਹਾਂ ਦੇ ਸੁਪਰਡੈਂਟ ਵੀ ਮੌਜੂਦ ਸਨ।
*******
ਫੋਟੋ ਕੈਪਸ਼ਨ-ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਵਾਰਡਨਾਂ ਦੇ 100ਵੇਂ ਬੈਚ ਦੀ ਪਾਸਿੰਗ ਆਊਟ ਪ੍ਰੇਡ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਅਤੇ ਸਕੱਤਰ ਜੇਲ੍ਹ ਵਿਭਾਗ ਕਮ ਆਈ ਜੀ ਮੁਹੰਮਦ ਤਇਅਬ ਵੀ ਨਜਰ ਆ ਰਹੇ ਹਨ।







