ਅੰਮ੍ਰਿਤਸਰ/ਪੰਜਾਬ: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਤਣਾਅ ਇੱਕ ਵਾਰ ਫਿਰ ਸਿਰ ਚੜ੍ਹ ਕੇ ਆ ਗਿਆ ਹੈ। ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦਿਆਂ ਸੋਸ਼ਲ ਮੀਡੀਆ ‘ਤੇ ਬੇਹੱਦ ਤਿੱਖੀ ਟਿੱਪਣੀ ਕੀਤੀ ਹੈ।
ਡਾ. ਸਿੱਧੂ ਨੇ ਵੜਿੰਗ ਦੀ ਮਾਨਸਿਕ ਸਥਿਤੀ ‘ਤੇ ਸਵਾਲ ਉਠਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਵਰਤਾਅ ਪਾਰਟੀ ਲਈ ਨੁਕਸਾਨਦਾਇਕ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵੜਿੰਗ ਨੇ ਪੰਜਾਬ ਕਾਂਗਰਸ ਵਿੱਚ ਕਈ ਗੁੱਟ ਬਣਾਏ ਅਤੇ ਇੱਕ-ਇੱਕ ਸੀਟ ‘ਤੇ 3-4 ਵਿਧਾਇਕਾਂ ਨੂੰ ਵਾਅਦੇ ਕਰਕੇ ਆਪਸੀ ਲੜਾਈ ‘ਚ ਫਸਾ ਦਿੱਤਾ, ਜਿਸ ਨਾਲ ਪਾਰਟੀ ਬਰਬਾਦ ਹੋ ਰਹੀ ਹੈ।
ਡਾ. ਸਿੱਧੂ ਨੇ ਅੱਗੇ ਕਿਹਾ, “ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਂਗਲਾਂ ‘ਤੇ ਨੱਚ ਰਹੇ ਹਨ ਅਤੇ ਪੂਰਾ ਪੰਜਾਬ ਇਹ ‘ਕਾਮੇਡੀ ਸ਼ੋਅ’ ਦੇਖ ਕੇ ਮਜ਼ੇ ਲੈ ਰਿਹਾ ਹੈ।” ਉਨ੍ਹਾਂ ਵੜਿੰਗ ਨੂੰ ਕਾਂਗਰਸ ਪਾਰਟੀ ਲਈ ਇੱਕ ‘ਸ਼ਰਮ’ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਭਰੋਸੇਯੋਗਤਾ ਅਤੇ ਇਮਾਨਦਾਰੀ ਖੋ ਦਿੱਤੀ ਹੈ।
ਕਾਂਗਰਸ ਅੰਦਰ ਇਹ ਘਟਨਾ ਪਾਰਟੀ ਦੇ ਅੰਦਰੂਨੀ ਤਣਾਅ ਨੂੰ ਹੋਰ ਤੇਜ਼ ਕਰ ਸਕਦੀ ਹੈ, ਜਦੋਂ ਮੁੱਖ ਨੇਤਾਵਾਂ ਦਰਮਿਆਨ ਖੁਲ੍ਹੇ ਟਿੱਪਣੀਆਂ ਹੋ ਰਹੀਆਂ ਹਨ।






