Home National ਜ਼ਹਿਰੀਲੀ ਖੰਘ ਦੀ ਦਵਾਈ ਨਾਲ ਮੌਤ ਦਾ ਅੰਕੜਾ ਪਹੁੰਚਿਆ 27 ਤੱਕ

ਜ਼ਹਿਰੀਲੀ ਖੰਘ ਦੀ ਦਵਾਈ ਨਾਲ ਮੌਤ ਦਾ ਅੰਕੜਾ ਪਹੁੰਚਿਆ 27 ਤੱਕ

0
52

ਬੈਤੂਲ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪਾਰਸੀਆ ਇਲਾਕੇ ਨਾਲ ਜੁੜਿਆ ਕੋਲਡਰਿਫ ਖੰਘ ਦੀ ਦਵਾਈ ਦਾ ਘੁਟਾਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਬੈਤੂਲ ਜ਼ਿਲ੍ਹੇ ਦੇ ਟੀਕਾਬਾਰੀ ਪਿੰਡ ਦੇ ਰਹਿਣ ਵਾਲੇ ਚਾਰ ਸਾਲਾ ਮਾਸੂਮ ਹਰਸ਼ ਦੀ ਐਤਵਾਰ ਰਾਤ ਨਾਗਪੁਰ ਦੇ ਏਮਜ਼ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਨਾਲ ਜ਼ਹਿਰੀਲੀ ਦਵਾਈ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ, ਹਰਸ਼ ਪਿਛਲੇ ਚਾਰ ਮਹੀਨਿਆਂ ਤੋਂ ਆਈ.ਸੀ.ਯੂ. ਵਿੱਚ ਭਰਤੀ ਸੀ ਅਤੇ ਲਗਾਤਾਰ ਕੋਮਾ ਦੀ ਹਾਲਤ ਵਿੱਚ ਸੀ। ਡਾਕਟਰਾਂ ਨੇ ਬੱਚੇ ਦੀ ਹਾਲਤ ਸ਼ੁਰੂ ਤੋਂ ਹੀ ਬਹੁਤ ਨਾਜ਼ੁਕ ਦੱਸੀ ਸੀ। ਲੰਬੇ ਇਲਾਜ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ।

ਪੋਸਟਮਾਰਟਮ ਤੋਂ ਬਾਅਦ ਬੀਤੇ ਦਿਨ ਹਰਸ਼ ਦੀ ਲਾਸ਼ ਜਦੋਂ ਪਿੰਡ ਲਿਆਂਦੀ ਗਈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮਾਸੂਮ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਰਸ਼ ਦੇ ਪਿਤਾ ਗੋਕੁਲ, ਜੋ ਕਿ ਕਿਸਾਨ ਹਨ, ਦੋ ਪੁੱਤਰਾਂ ਦੇ ਪਿਤਾ ਹਨ ਅਤੇ ਹਰਸ਼ ਉਨ੍ਹਾਂ ਦਾ ਵੱਡਾ ਪੁੱਤਰ ਸੀ।

ਅਮਲਾ ਦੇ ਐਸ.ਡੀ.ਐਮ. ਸ਼ੈਲੇਂਦਰ ਬਰਦੋਨੀਆ ਨੇ ਹਰਸ਼ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਬੱਚਿਆਂ ਵਿੱਚ ਸ਼ਾਮਲ ਸੀ ਜੋ ਕੋਲਡਰਿਫ ਖੰਘ ਦੀ ਦਵਾਈ ਸੇਵਨ ਕਰਨ ਤੋਂ ਬਾਅਦ ਗੰਭੀਰ ਤੌਰ ‘ਤੇ ਬਿਮਾਰ ਹੋ ਗਏ ਸਨ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਪਹਿਲਾਂ ਹੀ ਜਾਰੀ ਹੈ ਅਤੇ ਦਵਾਈ ਦੀ ਸਪਲਾਈ ਚੇਨ ਨਾਲ ਜੁੜੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਦਵਾਈ ਘੁਟਾਲੇ ਨੇ ਸਿਹਤ ਪ੍ਰਣਾਲੀ ਅਤੇ ਦਵਾਈਆਂ ਦੀ ਗੁਣਵੱਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵਿੱਚ ਰੋਸ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਤੇਜ਼ ਹੋ ਰਹੀ ਹੈ।

LEAVE A REPLY

Please enter your comment!
Please enter your name here