HomeHaryana Newsਹਰਿਆਣਾ ਸਰਕਾਰ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਜਨ-ਜਨ ਤੱਕ ਪਹੁੰਚਾਉਣ ਲਈ...

ਹਰਿਆਣਾ ਸਰਕਾਰ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਵਚਨਬੱਧ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕੁਰੂਕਸ਼ੇਤਰ ਦੇ ਉਮਰੀ ਵਿੱਚ 124 ਕਰੋੜ ਰੁਪਏ ਦੀ ਲਾਗਤ ਨਾਲ 5 ਏਕੜ ਜ਼ਮੀਨ ‘ਤੇ ਬਣਾਇਆ ਜਾ ਰਿਹਾ ਹੈ ਸ਼ਾਨਦਾਰ ਗੁਰੂ ਰਵਿਦਾਸ ਧਾਮ

ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਹਰਿਆਣਾ ਵਿੱਚ ਪੂਰਾ ਸਾਲ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ

ਸਮਰਸਤਾ ਸੰਕਲਪ ਯਾਤਰਾ ਦੇ ਫਰੀਦਾਬਾਦ ਪਹੁੰਚਣ ‘ਤੇ ਮੁੱਖ ਮੰਤਰੀ ਨੇ ਕੀਤਾ ਸ਼ਾਨਦਾਰ ਸਵਾਗਤ

ਚੰਡੀਗੜ੍ਹ, 28 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਮਹਾਨ ਬਾਣੀ ਅਤੇ ਉਨ੍ਹਾਂ ਦੇ ਸਮਰਸਤਾ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸੰਤ-ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਨੂੰ ਸਮਾਜ ਦੇ ਹਰੇਕ ਵਰਗ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਜਨਮ ਦਿਹਾੜਿਆਂ ਨੂੰ ਰਾਜ ਪੱਧਰ ‘ਤੇ ਮਨਾਉਣ ਦੀ ਪਰੰਪਰਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਹਰਿਆਣਾ ਵਿਧਾਨ ਸਭਾ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰਾ ਸਾਲ ਰਾਜ ਪੱਧਰ ‘ਤੇ ਮਨਾਉਣ ਦਾ ਸੰਕਲਪ ਲਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਫਰੀਦਾਬਾਦ ਵਿੱਚ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਕੱਢੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਦੇ ਪਹੁੰਚਣ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਂਦਿਆਂ ਕੁਰੂਕਸ਼ੇਤਰ ਦੇ ਉਮਰੀ ਵਿੱਚ 5 ਏਕੜ ਜ਼ਮੀਨ ‘ਤੇ 124 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਗੁਰੂ ਰਵਿਦਾਸ ਧਾਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਧਾਮ ਸਿਰਫ਼ ਪੱਥਰਾਂ ਨਾਲ ਬਣੀ ਇਮਾਰਤ ਨਹੀਂ ਹੋਵੇਗਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਮਾਜਿਕ ਸਮਰਸਤਾ ਅਤੇ ਸਮਾਨਤਾ ਦਾ ਤੀਰਥ ਕੇਂਦਰ ਬਣੇਗਾ। ਗੁਰੂ ਰਵਿਦਾਸ ਜੀ ਕਿਸੇ ਇੱਕ ਜਾਤੀ ਜਾਂ ਵਰਗ ਦੇ ਗੁਰੂ ਨਹੀਂ ਸਨ, ਸਗੋਂ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਸਨ। ਜਿਸ ਤਰ੍ਹਾਂ ਗੰਗਾ ਦਾ ਜਲ ਹਰ ਪਿਆਸੇ ਲਈ ਹੈ, ਉਸੇ ਤਰ੍ਹਾਂ ਗੁਰੂ ਰਵਿਦਾਸ ਜੀ ਦੀ ਬਾਣੀ ਹਰੇਕ ਮਨੁੱਖ ਲਈ ਹੈ।

ਗੁਰੂ ਰਵਿਦਾਸ ਜੀ ਦੀਆਂ ਚਰਨ ਪਾਦੁਕਾਵਾਂ ਅਤੇ ਪਵਿੱਤਰ ਕਲਸ਼ ਯਾਤਰਾ ਦਾ ਫਰੀਦਾਬਾਦ ਵਿੱਚ ਸ਼ਾਨਦਾਰ ਸਵਾਗਤ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਰਿਆਂ ਲਈ ਮਾਣ ਅਤੇ ਗੌਰਵ ਦੀ ਗੱਲ ਹੈ ਕਿ ਸਮਰਸਤਾ ਸੰਕਲਪ ਯਾਤਰਾ ਦਾ ਫਰੀਦਾਬਾਦ ਦੀ ਧਰਤੀ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਚਰਨ ਪਾਦੁਕਾਵਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ 29 ਜੁਲਾਈ, 2026 ਨੂੰ ਗੁਰੂ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ ਵਾਰਾਣਸੀ ਸਥਿਤ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਨਮਸਥਲੀ ਸੀਰ ਗੋਵਰਧਨਪੁਰ ਤੋਂ ਉਨ੍ਹਾਂ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪਵਿੱਤਰ ਕਲਸ਼ ਯਾਤਰਾ ਦੀ ਸ਼ਰੂਆਤ ਹੋਈ ਸੀ। ਇਸ ਯਾਤਰਾ ਦੌਰਾਨ ਉਨ੍ਹਾਂ ਦੀ ਜਨਮਸਥਲੀ ਦੀ ਪਵਿੱਤਰ ਮਿੱਟੀ ਲੈ ਕੇ ਗੁਰੂਗ੍ਰਾਮ ਪਹੁੰਚਿਆ ਗਿਆ ਅਤੇ 4 ਅਗਸਤ ਨੂੰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਲਸ਼ ਯਾਤਰਾ ਰਾਹੀਂ ਪਿੰਡ-ਪਿੰਡ ਅਤੇ ਘਰ-ਘਰ ਤੱਕ ਗੁਰੂ ਜੀ ਦਾ ਸੰਦੇਸ਼ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕਲਸ਼ ਵਿੱਚ ਸਿਰਫ਼ ਮਿੱਟੀ ਹੀ ਨਹੀਂ, ਸਗੋਂ ਆਸਥਾ, ਵਿਰਾਸਤ ਅਤੇ ਸੱਭਿਆਚਾਰ ਸਮਾਇਆ ਹੋਇਆ ਹੈ। ਇਹ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਹਾਨ ਵਿਚਾਰਾਂ ਦਾ ਪ੍ਰਤੀਕ ਹੈ। ਬੀਤੀ 18 ਨਵੰਬਰ ਨੂੰ ਪੰਜਾਬ ਦੇ ਡੇਰਾ ਸੱਚਖੰਡ ਬੱਲਾਂ ਤੋਂ ਰਵਾਨਾ ਹੋਈ ਸਮਰਸਤਾ ਸੰਕਲਪ ਯਾਤਰਾ ਜਦੋਂ ਬਦਰਪੁਰ ਬਾਰਡਰ ਰਾਹੀਂ ਫਰੀਦਾਬਾਦ ਪਹੁੰਚੀ, ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ 650 ਸਾਲਾਂ ਦੀ ਆਸਥਾ ਖੁਦ ਚੱਲ ਕੇ ਸਾਡੇ ਦਰਵਾਜ਼ੇ ‘ਤੇ ਆ ਗਈ ਹੋਵੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਤਰਾ ਦਾ ਟੀਚਾ ਭੇਦਭਾਵ ਮੁਕਤ ਭਾਰਤ ਦਾ ਨਿਰਮਾਣ ਕਰਨਾ ਹੈ। ਹਰਿਆਣਾ ਦੀ ਜਨਤਾ ਵੱਲੋਂ ਇਸ ਪਵਿੱਤਰ ਯਾਤਰਾ ਦਾ ਸਵਾਗਤ ਅਤੇ ਅਭਿਨੰਦਨ ਕੀਤਾ ਜਾਂਦਾ ਹੈ। ਇਹ ਯਾਤਰਾ ਸਿਰਫ਼ ਸੜਕਾਂ ‘ਤੇ ਹੀ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿੱਚੋਂ ਲੰਘੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਨੇ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਯਾਤਰਾ 16 ਦਿਨਾਂ ਵਿੱਚ 47 ਸ਼ਹਿਰਾਂ ਵਿੱਚੋਂ ਲੰਘਦਿਆਂ 2,402 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 3 ਦਸੰਬਰ ਨੂੰ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਨਮਸਥਲੀ ਸੀਰ ਗੋਵਰਧਨਪੁਰ, ਕਾਸ਼ੀ ਪਹੁੰਚੇਗੀ। ਹਰਿਆਣਾ ਵਿੱਚ ਇਹ ਯਾਤਰਾ ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਤੋਂ ਹੁੰਦੀ ਹੋਈ ਫਰੀਦਾਬਾਦ ਪਹੁੰਚੀ ਹੈ। ਇੱਥੋਂ ਇਹ ਪਲਵਲ ਅਤੇ ਹੋਡਲ ਹੁੰਦੀ ਹੋਈ ਉੱਤਰ ਪ੍ਰਦੇਸ਼ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਏ ਸਮਰਸਤਾ ਦੇ ਸੰਕਲਪ ਨੂੰ ਹਰਿਆਣਾ ਨੇ ਪੂਰੇ ਸਤਿਕਾਰ ਨਾਲ ਅਪਣਾਇਆ ਹੈ ਅਤੇ ਹੁਣ ਕਾਸ਼ੀ ਇਸ ਦੀ ਉਡੀਕ ਕਰ ਰਹੀ ਹੈ। ਫਰੀਦਾਬਾਦ ਦੀ ਕਰਮਭੂਮੀ ਵਜੋਂ ਆਪਣੀ ਵੱਖਰੀ ਪਛਾਣ ਹੈ। ਇਹ ਮਿਹਨਤਕਸ਼ ਲੋਕਾਂ ਦਾ ਸ਼ਹਿਰ ਹੈ। ਗੁਰੂ ਰਵਿਦਾਸ ਜੀ ਮਹਾਰਾਜ ਨੇ ਵੀ ਕਿਰਤ ਨੂੰ ਸਤਿਕਾਰ ਦਿੱਤਾ ਅਤੇ ਆਪਣਾ ਪਿਤਾ-ਪੁਰਖੀ ਕਿੱਤਾ ਕਦੇ ਨਹੀਂ ਛੱਡਿਆ। ਉਹ ਆਪਣੇ ਕਰਮ ਕਰਦਿਆਂ ਸੰਤ ਸ਼੍ਰੋਮਣੀ ਅਤੇ ਜਗਤਗੁਰੂ ਬਣੇ। ਉਨ੍ਹਾਂ ਨੇ ਔਜ਼ਾਰ ਨੂੰ ਅਰਾਧਨਾ ਅਤੇ ਪਸੀਨੇ ਨੂੰ ਪੂਜਾ ਦਾ ਰੂਪ ਦਿੱਤਾ।

ਜਾਤੀਗਤ ਭੇਦਭਾਵ ਮਿਟਾ ਕੇ ਹੀ ਸਥਾਪਿਤ ਹੋ ਸਕਦੀ ਹੈ ਸੱਚੀ ਸਮਾਜਿਕ ਸਮਰਸਤਾ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਮਾਜ ਉੱਚ-ਨੀਚ ਅਤੇ ਜਾਤੀਗਤ ਭੇਦਭਾਵ ਵਿੱਚ ਵੰਡਿਆ ਹੋਇਆ ਸੀ, ਉਦੋਂ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮਾਨਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਮਾਜ ਨੂੰ ਸਮਝਾਇਆ ਕਿ ਜਦੋਂ ਤੱਕ ਜਾਤੀਗਤ ਭੇਦਭਾਵ ਦੀਆਂ ਪਰਤਾਂ ਖ਼ਤਮ ਨਹੀਂ ਹੋਣਗੀਆਂ, ਉਦੋਂ ਤੱਕ ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਅਸਲ ਜੁੜਾਅ ਸੰਭਵ ਨਹੀਂ ਹੈ। ਜਾਤੀ ਦੇ ਆਧਾਰ ‘ਤੇ ਕਿਸੇ ਨੂੰ ਛੋਟਾ ਜਾਂ ਵੱਡਾ ਸਮਝਣਾ ਮਨੁੱਖਤਾ ਦੀ ਮੂਲ ਭਾਵਨਾ ਦੇ ਉਲਟ ਹੈ। ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਾਨੂੰ ਭੇਦਭਾਵ ਤੋਂ ਉੱਪਰ ਉੱਠ ਕੇ ਹਰੇਕ ਵਿਅਕਤੀ ਨੂੰ ਬਰਾਬਰ ਸਤਿਕਾਰ ਦੇਣ ਦੀ ਪ੍ਰੇਰਨਾ ਦਿੰਦੀਆਂ ਹਨ। ਮਹਾਤਮਾ ਜੋਤੀਬਾ ਫੂਲੇ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਦੇਸ਼ ਨੇ ਸੰਵਿਧਾਨ ਦਿਵਸ ਮਨਾਇਆ ਹੈ। ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮਾਨਤਾ ਦਾ ਰਾਹ ਦਿਖਾਇਆ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਮਾਨਤਾ ਦੇ ਇਸ ਵਿਚਾਰ ਨੂੰ ਸੰਵਿਧਾਨ ਰਾਹੀਂ ਅਧਿਕਾਰ ਦਾ ਰੂਪ ਦਿੱਤਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਾਬਾ ਸਾਹਿਬ ਦੇ ਸੰਵਿਧਾਨ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਲਈ ਨਿਰੰਤਰ ਕੰਮ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments