ਮਾਲੇਰਕੋਟਲਾ, 26
ਸਾਇਰਨ ਵੱਜਣ ’ਤੇ ਘਬਰਾਉਣ ਨਾ ਨਾਗਰਿਕ, ਸੁਰੱਖਿਆ ਅਭਿਆਸ ਵਿੱਚ ਸਰਗਰਮ
ਸ਼ਮੂਲੀਅਤ ਕਰਨ –ਮਨਜੀਤ ਸਿੰਘ ਚੀਮਾ
ਸੰਭਾਵੀ ਹਵਾਈ ਹਮਲੇ ਜਾਂ ਕਿਸੇ ਹੋਰ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਤਿਆਰੀਆਂ ਦੀ ਪਰਖ ਅਤੇ ਨਾਗਰਿਕਾਂ ਨੂੰ ਸੁਰੱਖਿਆ ਉਪਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਅੱਜ 27 ਨਵੰਬਰ ਰਾਤ 8 ਵਜੇ ਮਾਲੇਰਕੋਟਲਾ ਦੀ ਅਰਿਹੰਤ ਸਪਿਨਿੰਗ ਮਿੱਲਜ਼ ਵਿਖੇ ਸਿਵਲ ਡਿਫੈਂਸ ਦੀ ਮੌਕ ਡਰਿੱਲ ਕਰਵਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤਹਿਤ ਕਰਵਾਏ ਜਾ ਰਹੇ ਇਸ ਅਭਿਆਸ ਦੌਰਾਨ ਰਾਹਤ ਤੇ ਬਚਾਅ ਕਾਰਜਾਂ, ਤੁਰੰਤ ਕਾਰਵਾਈ ਕਰਨ ਦੀ ਸਮਰੱਥਾ ਅਤੇ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਪਰਖ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਇਰਨ ਵਜਾਉਣ ਉਪਰੰਤ ਨਿਰਧਾਰਤ ਖੇਤਰ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਸਬੰਧਤ ਖੇਤਰ ਦੇ ਵਸਨੀਕ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖ ਕੇ ਸਹਿਯੋਗ ਦੇਣ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ।
ਅਭਿਆਸ ਵਿੱਚ ਪੰਜਾਬ ਹੋਮ ਗਾਰਡਜ਼, ਸਿਵਲ ਡਿਫੈਂਸ, ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਨਗਰ ਕੌਂਸਲ ਅਤੇ ਐਨ.ਸੀ.ਸੀ. ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਸ਼ਮੂਲੀਅਤ ਕਰਨਗੀਆਂ।
ਮਨਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਇਰਨ ਵੱਜਣ ’ਤੇ ਘਬਰਾਉਣ ਨਾ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ। ਇਹ ਕਿਸੇ ਅਸਲ ਖ਼ਤਰੇ ਦੀ ਚੇਤਾਵਨੀ ਨਹੀਂ, ਸਗੋਂ ਪਹਿਲਾਂ ਤੋਂ ਨਿਰਧਾਰਤ ਸੁਰੱਖਿਆ ਅਭਿਆਸ ਹੈ। ਲੋਕ ਇਸ ਅਭਿਆਸ ਵਿੱਚ ਸਰਗਰਮ ਸ਼ਮੂਲੀਅਤ ਕਰਕੇ ਸੁਰੱਖਿਆ ਉਪਾਵਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕਰਨ, ਤਾਂ ਜੋ ਅਸਲ ਸੰਕਟ ਸਮੇਂ ਸੂਝ-ਬੂਝ, ਸੰਜਮ ਅਤੇ ਸਮੇਂ ਸਿਰ ਢੁਕਵੀਂ ਕਾਰਵਾਈ ਨਾਲ ਆਪਣੀ ਅਤੇ ਦੂਜਿਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾ ਸਕਣ।



