ਸਥਾਨਕ ਸੰਸਥਾਵਾਂ ਨੂੰ ਅਧਿਕਾਰਾਂ, ਸਮਰੱਥਾ ਅਤੇ ਵਿੱਤੀ ਸਰੋਤਾਂ ਨਾਲ ਮਜਬੂਤ ਬਣਾਉਣਾ ਸਰਕਾਰ ਦਾ ਟੀਚਾ
ਪੰਚਾਇਤਾਂ ਆਪਣੀਆਂ ਸਾਂਝੀਆਂ ਜ਼ਮੀਨਾਂ, ਛੱਪੜਾਂ ਅਤੇ ਭਾਈਚਾਰਕ ਜਾਇਦਾਦਾਂ ਨੂੰ ਆਮਦਨ ਦੇ ਸਥਾਈ ਸਰੋਤ ਵਜੋਂ ਵਿਕਸਿਤ ਕਰਨ
ਸਥਾਨਕ ਸੰਸਥਾਵਾਂ ਵੱਲੋਂ ਜੁਟਾਏ ਗਏ ਵਾਧੂ ਸਰੋਤਾਂ ਦੇ ਬਰਾਬਰ ਰਾਸ਼ੀ ਦੇਵੇਗੀ ਸਰਕਾਰ, ਮਿਲੇਗੀ ਮੈਚਿੰਗ ਗ੍ਰਾਂਟ
ਜਨ ਸਿਹਤ ਇੰਜੀਨੀਅਰਿੰਗ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਅੱਗ ਬੁਝਾਊ ਸੇਵਾਵਾਂ ਪੜਾਅਵਾਰ ਢੰਗ ਨਾਲ ਸਥਾਨਕ ਸੰਸਥਾਵਾਂ ਨੂੰ ਸੌਂਪੀਆਂ ਜਾਣਗੀਆਂ
ਚੰਡੀਗੜ੍ਹ, 24 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰੱਥ ਪੰਚਾਇਤਾਂ ਅਤੇ ਜਵਾਬਦੇਹ ਨਗਰਪਾਲਿਕਾਵਾਂ ਹੀ ਵਿਕਸਿਤ ਹਰਿਆਣਾ ਦੀ ਮਜ਼ਬੂਤ ਨੀਂਹ ਹਨ। ਸਰਕਾਰ ਦਾ ਟੀਚਾ ਸਥਾਨਕ ਸੰਸਥਾਵਾਂ ਨੂੰ ਸਿਰਫ਼ ਪ੍ਰਸ਼ਾਸਨਿਕ ਇਕਾਈ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਅਧਿਕਾਰਾਂ, ਸਮਰੱਥਾਵਾਂ ਅਤੇ ਆਪਣੇ ਵਿੱਤੀ ਸਰੋਤਾਂ ਨਾਲ ਲੈਸ ਪ੍ਰਭਾਵੀ ਸਥਾਨਕ ਸਰਕਾਰਾਂ ਵਜੋਂ ਵਿਕਸਿਤ ਕਰਨਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਗੁਰੂਗ੍ਰਾਮ ਵਿਖੇ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਨੂੰ ਮਜਬੂਤ ਬਣਾਉਣ ਦੇ ਵਿਸ਼ੇ ‘ਤੇ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਜਨ ਪ੍ਰਤੀਨਿਧੀਆਂ, ਮਾਹਿਰਾਂ ਅਤੇ ਨੀਤੀ-ਨਿਰਮਾਤਾਵਾਂ ਨੇ ਆਪਣੇ ਤਜਰਬੇ, ਨਵੀਨਤਾਵਾਂ ਅਤੇ ਸਫ਼ਲ ਪ੍ਰਯੋਗ ਸਾਂਝੇ ਕੀਤੇ ਹਨ। ਦੋ ਦਿਨਾਂ ਦੇ ਡੂੰਘੇ ਵਿਚਾਰ-ਵਟਾਂਦਰੇ ਨਾਲ ਸਥਾਨਕ ਸਵੈ-ਸ਼ਾਸਨ ਨੂੰ ਮਜ਼ਬੂਤ ਬਣਾਉਣ ਲਈ ਇੱਕ ਵਿਹਾਰਕ ਰੋਡਮੈਪ ਤਿਆਰ ਹੋਇਆ ਹੈ। ਇਹ ਸੰਮੇਲਨ ਸਥਾਨਕ ਸਵੈ-ਸ਼ਾਸਨ ਦੀ ਨੀਂਹ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਸਕੱਤਰੇਤਾਂ ਦੀਆਂ ਫਾਈਲਾਂ ਵਿੱਚ ਨਹੀਂ, ਸਗੋਂ ਪਿੰਡਾਂ ਦੀਆਂ ਗਲੀਆਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਵੱਸਦੀ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗ੍ਰਾਮ ਸਵਰਾਜ ਦਾ ਸੁਪਨਾ ਦੇਖਿਆ ਸੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ-2047 ਦਾ ਵਿਸ਼ਾਲ ਟੀਚਾ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਦੋਵਾਂ ਟੀਚਿਆਂ ਦੀ ਪ੍ਰਾਪਤੀ ਦਾ ਰਾਹ ਪਿੰਡ ਦੀ ਚੌਪਾਲ ਅਤੇ ਸ਼ਹਿਰ ਦੇ ਵਾਰਡ ਵਿੱਚੋਂ ਹੋ ਕੇ ਲੰਘਦਾ ਹੈ। ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਦੀ ਨੀਂਹ ਪੰਚਾਇਤਾਂ ਅਤੇ ਵਾਰਡਾਂ ਵਿੱਚ ਹੀ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਭਲਾਈ ਸਕੀਮਾਂ ਰਾਹੀਂ ਦੇਸ਼ ਦੇ 50 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ, ਜੋ ਵਿਸ਼ਵ ਪੱਧਰ ‘ਤੇ ਇੱਕ ਰਿਕਾਰਡ ਹੈ।
ਸਥਾਨਕ ਸੰਸਥਾਵਾਂ ਦੀ ਵਿੱਤੀ ਆਤਮਨਿਰਭਰਤਾ ਜ਼ਰੂਰੀ
ਮੁੱਖ ਮੰਤਰੀ ਨੇ ਕਿਹਾ ਕਿ ਸੰਮੇਲਨ ਵਿੱਚ ਤਿੰਨ ਮਹੱਤਵਪੂਰਨ ਵਿਸ਼ਿਆਂ- ਮਾਲੀਆ ਜੁਟਾਉਣਾ ਅਤੇ ਵਿੱਤੀ ਆਤਮਨਿਰਭਰਤਾ, ਖੁਦਮੁਖਤਿਆਰੀ ਅਤੇ ਜਵਾਬਦੇਹੀ ਅਤੇ ਪ੍ਰਭਾਵੀ ਸੇਵਾਵਾਂ ਦੀ ਵੰਡ ਤੇ ਸਮਾਵੇਸ਼ੀ ਭਾਗੀਦਾਰੀ ‘ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਇਸ ਦੇ ਅਨੁਸਾਰ ਕੋਈ ਵੀ ਸਰਕਾਰ ਉਦੋਂ ਹੀ ਸੁਤੰਤਰ ਅਤੇ ਪ੍ਰਭਾਵੀ ਫ਼ੈਸਲੇ ਲੈ ਸਕਦੀ ਹੈ, ਜਦੋਂ ਉਸ ਦਾ ਵਿੱਤੀ ਆਧਾਰ ਮਜ਼ਬੂਤ ਹੋਵੇ।
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਚਾਇਤਾਂ ਨੂੰ ਸਿੱਧੇ ਵਿੱਤੀ ਸਰੋਤ ਟਰਾਂਸਫਰ ਕਰਨ ਦੀ ਪਾਰਦਰਸ਼ੀ ਵਿਵਸਥਾ ਬਣਾਈ ਹੈ। ਇਸ ਤੋਂ ਇਲਾਵਾ ਸਟੈਂਪ ਡਿਊਟੀ ਅਤੇ ਬਿਜਲੀ ਦੀ ਖਪਤ ਦੇ ਹਿੱਸੇ ਤੋਂ ਪੰਚਾਇਤਾਂ ਦੀ ਰੈਗੂਲਰ ਆਮਦਨ ਯਕੀਨੀ ਬਣਾਈ ਗਈ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਪੂੰਜੀ ਮੁੱਲ ‘ਤੇ ਆਧਾਰਿਤ ਜਾਇਦਾਦ ਟੇਕਸ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਾਂਝੀਆਂ ਜ਼ਮੀਨਾਂ, ਛੱਪੜਾਂ ਅਤੇ ਭਾਈਚਾਰਕ ਜਾਇਦਾਦਾਂ ਨੂੰ ਆਮਦਨ ਦੇ ਸਥਾਈ ਸਰੋਤ ਵਜੋਂ ਵਿਕਸਿਤ ਕਰਨ। ਉੱਥੇ ਹੀ ਨਗਰਪਾਲਿਕਾਵਾਂ ਸਰਲ ਅਤੇ ਪ੍ਰਭਾਵੀ ਟੈਕਸ ਵਸੂਲੀ ਪ੍ਰਣਾਲੀ ਅਪਣਾ ਕੇ ਆਪਣੀ ਵਿੱਤੀ ਸਮਰੱਥਾ ਵਧਾਉਣ। ਉਨ੍ਹਾਂ ਕਿਹਾ ਕਿ ਗ੍ਰਾਂਟ ਨਾਲ ਕੰਮ ਚੱਲਦਾ ਹੈ, ਪਰ ਆਪਣੀ ਆਮਦਨ ਨਾਲ ਭਵਿੱਖ ਬਣਦਾ ਹੈ।



