Monday, October 5, 2026
Home Punjab ਅਜਨਾਲਾ ’ਚ ਏ.ਐਸ.ਆਈ ’ਤੇ ਫਾਇਰਿੰਗ, ਬਾਈਕ ਸਵਾਰ ਤਿੰਨ ਹਮਲਾਵਰ ਫਰਾਰ

ਅਜਨਾਲਾ ’ਚ ਏ.ਐਸ.ਆਈ ’ਤੇ ਫਾਇਰਿੰਗ, ਬਾਈਕ ਸਵਾਰ ਤਿੰਨ ਹਮਲਾਵਰ ਫਰਾਰ

0
2

ਅਜਨਾਲਾ: ਅਜਨਾਲਾ ਇਲਾਕੇ ਵਿੱਚ ਅੰਮ੍ਰਿਤਸਰ GRP ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਤਿੰਨ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਵਿੱਚ ASI ਸੁਖਚੈਨ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਹੋਇਆ ਹਮਲਾ

ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ ਕਰੀਬ 7 ਤੋਂ 7:15 ਵਜੇ ਦੇ ਵਿਚਕਾਰ ਵਾਪਰੀ। ASI ਸੁਖਚੈਨ ਸਿੰਘ ਡਿਊਟੀ ਪੂਰੀ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਪਿੰਡ ਜਗਦੇਵ ਖੁਰਦ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਜਗਦੇਵ ਕਲਾਂ ਵਾਲੀ ਨਹਿਰ ਪਾਰ ਕਰਕੇ ਆਪਣੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਹੁੰਚੇ ਤਾਂ ਪਿੱਛੋਂ ਆਏ ਤਿੰਨ ਬਾਈਕ ਸਵਾਰਾਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਖੱਬੀ ਬਾਂਹ ਵਿੱਚ ਲੱਗੀ ਗੋਲੀ

ਫਾਇਰਿੰਗ ਦੌਰਾਨ ਇੱਕ ਗੋਲੀ ASI ਸੁਖਚੈਨ ਸਿੰਘ ਦੀ ਖੱਬੀ ਬਾਂਹ ਵਿੱਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮੋਢੇ ਤੋਂ ਹੇਠਾਂ ਬਾਂਹ ਦੇ ਹਿੱਸੇ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ ਅਤੇ ਕਿਸੇ ਅਹਿਮ ਅੰਗ ਨੂੰ ਨੁਕਸਾਨ ਨਹੀਂ ਪਹੁੰਚਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਅਜਨਾਲਾ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

DSP ਸਮੇਤ ਪੁਲਿਸ ਅਧਿਕਾਰੀਆਂ ਨੇ ਕੀਤਾ ਮੌਕੇ ਦਾ ਮੁਆਇਨਾ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। DSP ਧਰਮਿੰਦਰ ਕਲਿਆਣ ਸਮੇਤ ਸਥਾਨਕ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਹਸਪਤਾਲ ਪਹੁੰਚ ਕੇ ਜ਼ਖਮੀ ASI ਦਾ ਹਾਲ ਜਾਣਿਆ ਅਤੇ ਇਸ ਤੋਂ ਬਾਅਦ ਘਟਨਾ ਸਥਾਨ ਦਾ ਵੀ ਮੁਆਇਨਾ ਕੀਤਾ।

ਪੁਲਿਸ ਮੁਤਾਬਕ ਘਟਨਾ ਸਮੇਂ ASI ਸੁਖਚੈਨ ਸਿੰਘ ਡਿਊਟੀ ਤੋਂ ਵਾਪਸ ਆ ਰਹੇ ਸਨ ਅਤੇ ਉਨ੍ਹਾਂ ਨੇ ਸਿਵਲ ਕੱਪੜੇ ਪਹਿਨੇ ਹੋਏ ਸਨ।

ਹਮਲੇ ਦੇ ਕਾਰਨਾਂ ਦੀ ਜਾਂਚ ਜਾਰੀ

ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮਾਂ ਵੱਲੋਂ ਘਟਨਾ ਨਾਲ ਸਬੰਧਤ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹਮਲਾਵਰਾਂ ਦੀ ਪਛਾਣ ਲਈ ਆਸ-ਪਾਸ ਦੇ ਇਲਾਕਿਆਂ ਅਤੇ ਸੰਭਾਵਿਤ ਰਸਤਿਆਂ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ASI ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾਉਣ ਪਿੱਛੇ ਕੀ ਕਾਰਨ ਸੀ। ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਹਮਲੇ ਪਿੱਛੇ ਕੋਈ ਹੋਰ ਕਾਰਨ ਹੈ, ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here