Saturday, October 3, 2026
Home Patiala Updates ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਟੀਬੀ ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ...

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਟੀਬੀ ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ

0
4
-ਭਗਵੰਤ ਮਾਨ ਸਰਕਾਰ ਟੀਬੀ ਸਮੇਤ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਭਲਾਈ ਲਈ ਵਚਨਬੱਧ: ਡਾ. ਬਲਬੀਰ ਸਿੰਘ

-ਪੰਜਾਬ ਦੇ ਰਾਜਪਾਲ ਅਤੇ ਸਿਹਤ ਮੰਤਰੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਟੀਬੀ ਤੇ ਛਾਤੀ ਰੋਗਾਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਆਗਾਜ਼

ਪਟਿਆਲਾ: ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ (ਟੀਬੀ) ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜਪਾਲ ਨੇ ਅੱਜ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ (ਟੀਬੀ) ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਉਦਘਾਟਨ ਕੀਤਾ।

ਇਸ ਮੌਕੇ ਰਾਜਪਾਲ ਨੇ ਕਿਹਾ ਕਿ ਟੀਬੀ ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਹੋਵੇਗਾ ਕਿ ਕੋਈ ਵੀ ਟੀਬੀ ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਟੀਬੀ ਵਿਰੁੱਧ ਜਾਗਰੂਕਤਾ ਨੂੰ ਜਨ ਅੰਦੋਲਨ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਮੁਹਿੰਮ ਬਣਾਉਣ ਦੀ ਲੋੜ ਹੈ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਲ 1939 ਵਿੱਚ ਸਥਾਪਿਤ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਦਹਾਕਿਆਂ ਤੋਂ ਭਾਰਤ ਵਿੱਚ ਟੀਬੀ ਕੰਟਰੋਲ, ਜਨਤਕ ਜਾਗਰੂਕਤਾ, ਡਾਕਟਰੀ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਸਥਾ ਨੂੰ ਤਪਦਿਕ ਬਾਰੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਬੁਕਲੈਟ ਛਪਵਾ ਕੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ। ਰਾਜਪਾਲ ਨੇ ਟੀਬੀ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਨਿਕਸ਼ੇ ਮਿੱਤਰ’ ਸਕੀਮ ਰਾਹੀਂ ਟੀਬੀ ਮਰੀਜ਼ਾਂ ਦੀ ਬਾਂਹ ਫੜੀ ਹੈ, ਜਦਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਵੀ ਅਜਿਹੇ ਮਰੀਜ਼ਾਂ ਦੀ ਮਦਦ ਕਰ ਰਹੀ ਹੈ।

ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਲ 2030 ਤੱਕ ਟੀਬੀ ਦੇ ਖਾਤਮੇ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉੱਚ-ਜੋਖਮ ਵਾਲੀਆਂ ਆਬਾਦੀਆਂ ਤੱਕ ਪਹੁੰਚ, ਸਮੇਂ ਸਿਰ ਜਾਂਚ, ਮਰੀਜ਼ਾਂ ਨੂੰ ਨਿਰੰਤਰ ਇਲਾਜ, ਢੁਕਵੀਂ ਪੋਸ਼ਣ ਅਤੇ ਸਮਾਜਿਕ ਸਹਾਇਤਾ ਯਕੀਨੀ ਬਣਾਉਣ ਦੀ ਲੋੜ ਹੈ।

ਉਂਜ, ਰਾਜਪਾਲ ਨੇ ਇਸ ਗੱਲ ’ਤੇ ਸੰਤੁਸ਼ਟੀ ਪ੍ਰਗਟਾਈ ਕਿ ਪਿਛਲੇ ਦਸ ਸਾਲਾਂ ਦੌਰਾਨ ਦੇਸ਼ ਵਿੱਚ ਟੀਬੀ ਦੇ ਮਾਮਲਿਆਂ ਵਿੱਚ 21 ਫ਼ੀਸਦੀ ਕਮੀ ਆਈ ਹੈ ਅਤੇ ਹੁਣ 92 ਫ਼ੀਸਦੀ ਟੀਬੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਮੌਤ ਦਰ ਵਿੱਚ ਵੀ 28 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ।

ਰਾਜਪਾਲ ਕਟਾਰੀਆ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਟੀਬੀ ਸਬੰਧੀ ਸਕਰੀਨਿੰਗ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਧਾਰਨਾ ਸੀ ਕਿ ਟੀਬੀ ਦਾ ਮਰੀਜ਼ ਜ਼ਰੂਰ ਮਰ ਜਾਂਦਾ ਹੈ, ਪਰ ਹੁਣ ਟੀਬੀ ਦਾ ਇਲਾਜ ਸੰਭਵ ਹੈ ਅਤੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਟੀਬੀ ਦੇ ਮਰੀਜ਼ ਦੀ ਪਛਾਣ ਹੋ ਜਾਂਦੀ ਹੈ ਤਾਂ ਉਸ ਨੂੰ ਇਲਾਜ ਅਤੇ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਸਨਮਾਨਜਨਕ ਵਿਵਹਾਰ ਦੀ ਵੀ ਲੋੜ ਹੁੰਦੀ ਹੈ।

ਰਾਜਪਾਲ ਨੇ ਕਿਹਾ ਕਿ ਟੀਬੀ ਸਿਰਫ਼ ਇੱਕ ਛੂਤ ਵਾਲੀ ਬਿਮਾਰੀ ਨਹੀਂ, ਸਗੋਂ ਇੱਕ ਗੰਭੀਰ ਸਿਹਤ ਚੁਣੌਤੀ ਹੈ, ਜੋ ਇੱਕ ਵਿਅਕਤੀ, ਉਸਦੇ ਪਰਿਵਾਰ ਅਤੇ ਅੰਤ ਵਿੱਚ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਜਲਦੀ ਪਛਾਣ, ਸਮੇਂ ਸਿਰ ਇਲਾਜ, ਸੰਪਰਕ ਟਰੇਸਿੰਗ, ਰੋਕਥਾਮਕ ਇਲਾਜ, ਪੋਸ਼ਣ, ਇਲਾਜ ਦੀ ਨਿਰੰਤਰਤਾ ਅਤੇ ਸਮਾਜਿਕ ਕਲੰਕ ਨੂੰ ਘਟਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।

ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਟੀਬੀ ਦੇ ਮਰੀਜ਼ਾਂ ਦੇ ਨਾਲ-ਨਾਲ ਐਚਆਈਵੀ ਅਤੇ ਹੈਪੇਟਾਈਟਸ ਦੇ ਮਰੀਜ਼ਾਂ ਨੂੰ ਵੀ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੇ ਰਾਸ਼ਨ ਕਾਰਡ ਬਣਾਉਣ ਲਈ ਵੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਸਿਹਤ ਮੰਤਰੀ ਨੇ ਰਾਜਪਾਲ ਕਟਾਰੀਆ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਘੇਰੇ ਹੇਠ ਲਿਆਂਦੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਪੀਜੀਆਈ, ਚੰਡੀਗੜ੍ਹ ਵਿਖੇ ਵੀ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਲਈ ਕਦਮ ਉਠਾਏ ਜਾਣ।

ਡਾ. ਬਲਬੀਰ ਸਿੰਘ ਨੇ ਇੰਡੀਅਨ ਤਪਦਿਕ ਐਸੋਸੀਏਸ਼ਨ ਸਮੇਤ ਸਮੂਹ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਆਬੋ-ਹਵਾ ਨੂੰ ਦਰੁਸਤ ਕਰਨ ਲਈ ਕੇਂਦਰ ਸਰਕਾਰ ਸਮੇਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਢੁਕਵੇਂ ਕਦਮ ਚੁੱਕਣ ਲਈ ਪੱਤਰ ਲਿਖਣ। ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ਹਨ।

ਰਾਸ਼ਟਰੀ ਕਾਨਫਰੰਸ ਦੌਰਾਨ ਡਾ. ਵਿਸ਼ਵਾ ਕਟੋਚ, ਚੇਅਰਮੈਨ ਤਪਦਿਕ ਐਸੋਸੀਏਸ਼ਨ ਡਾ. ਵੀ.ਕੇ. ਵੋਹਰਾ, ਨੈਟਕੌਨ-2026 ਦੇ ਪ੍ਰਧਾਨ ਡਾ. ਸੂਰਿਆ ਕਾਂਤ, ਸਾਇੰਟਿਫਿਕ ਕਮੇਟੀ ਦੇ ਚੇਅਰਮੈਨ ਡਾ. ਐਸ.ਕੇ. ਜਿੰਦਲ, ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਡਾ. ਹਰਮਨਦੀਪ ਸਿੰਘ ਹਾਂਸ, ਏ.ਡੀ.ਸੀ. ਸ੍ਰੀਮਤੀ ਨਵਰੀਤ ਕੌਰ ਸੇਖੋਂ, ਡਾਇਰੈਕਟਰ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ, ਡਾਇਰੈਕਟਰ-ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਵਿਸ਼ਾਲ ਚੋਪੜਾ ਨੇ ਸਵਾਗਤ ਕਰਦਿਆਂ ਦੱਸਿਆ ਕਿ ਸਾਲ 1956 ਤੋਂ ਬਾਅਦ ਦੂਜੀ ਵਾਰ ਪਟਿਆਲਾ ਵਿੱਚ ਹੋ ਰਹੀ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਲਗਭਗ 500 ਪ੍ਰਤੀਨਿਧੀ ਪਹੁੰਚੇ ਹਨ। ਇਨ੍ਹਾਂ ਵਿੱਚ ਉੱਘੇ ਪਲਮੋਨੋਲੋਜਿਸਟ (ਫੇਫੜਿਆਂ ਦੇ ਰੋਗਾਂ ਦੇ ਮਾਹਰ), ਟੀਬੀ ਮਾਹਰ, ਮੈਡੀਕਲ ਫੈਕਲਟੀ, ਖੋਜਕਰਤਾ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਹਨ।

ਸੰਗਠਨ ਸਕੱਤਰ ਡਾ. ਕ੍ਰਾਂਤੀ ਗਰਗ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਵਿਗਿਆਨਕ ਸੈਸ਼ਨ, ਮਾਹਰਾਂ ਦੇ ਭਾਸ਼ਣ, ਖੋਜ ਪੇਸ਼ਕਾਰੀਆਂ ਅਤੇ ਤਪਦਿਕ ਤੇ ਸਾਹ ਪ੍ਰਣਾਲੀ ਦੀਆਂ ਹੋਰ ਬਿਮਾਰੀਆਂ ਦੀ ਜਾਂਚ, ਇਲਾਜ ਅਤੇ ਰੋਕਥਾਮ ਦੇ ਖੇਤਰ ਵਿੱਚ ਹੋਈਆਂ ਨਵੀਆਂ ਤਰੱਕੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here