• ਖੇਤ ਵਿੱਚ ਪਰਾਲੀ ਦੀ ਸੰਭਾਲ ਤੋਂ ਲੈ ਕੇ ਮਸ਼ੀਨਰੀ ਦੀ ਵਰਤੋਂ ਤੱਕ ਕਿਸਾਨਾਂ ਨੂੰ ਮਿਲੇਗੀ ਜਾਣਕਾਰੀ-ਰਾਜਦੀਪ ਸਿੰਘ ਬਰਾੜ
• ਏ.ਡੀ.ਸੀ. ਨੇ ਕਿਸਾਨਾਂ ਨੂੰ ਖੇਤ ‘ਚ ਪਰਾਲੀ ਨਾ ਸਾੜਣ, ਇਸ ਨੂੰ ਸੰਭਾਲ ਕੇ ਮਿੱਟੀ ਤੇ ਹਵਾ ਦੋਵਾਂ ਦੀ ਸਿਹਤ ਬਚਾਉਣ ਦਾ ਦਿੱਤਾ ਸੱਦਾ
ਮਾਲੇਰਕੋਟਲਾ: ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਕਿਸਾਨਾਂ ਤੱਕ ਇਸ ਦੇ ਸੁਚੱਜੇ ਪ੍ਰਬੰਧਨ ਦੀ ਜਾਣਕਾਰੀ ਪਹੁੰਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਦੋ ਜਾਗਰੂਕਤਾ ਵੈਨਾਂ ਅਗਲੇ 17 ਦਿਨਾਂ ਦੌਰਾਨ ਜ਼ਿਲ੍ਹੇ ਦੇ ਸਮੂਹ ਪਿੰਡਾਂ ਤੱਕ ਪਹੁੰਚ ਕਰਨਗੀਆਂ। ਵੈਨਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਨਾਲ ਇਸ ਦੀ ਸੰਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਅਤੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਦਾ ਮਕਸਦ ਕਿਸਾਨਾਂ ਨਾਲ ਸਿੱਧੀ ਪਹੁੰਚ ਬਣਾਉਂਦਿਆਂ “ਪਰਾਲੀ ਨੂੰ ਅੱਗ ਨਹੀਂ, ਸੁਚੱਜੇ ਪ੍ਰਬੰਧ ਦੀ ਲੋੜ ਹੈ” ਦਾ ਸੁਨੇਹਾ ਹਰ ਪਿੰਡ ਤੱਕ ਲੈ ਕੇ ਜਾਣਾ ਹੈ। ਪ੍ਰਚਾਰ ਵੈਨਾਂ ਜ਼ਿਲ੍ਹੇ ਦੇ ਵੱਖ-ਵੱਖ ਖੇਤੀਬਾੜੀ ਬਲਾਕਾਂ ਨੂੰ ਕਵਰ ਕਰਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਸੰਭਾਲਣ ਜਾਂ ਇਸ ਦੀਆਂ ਗੱਠਾਂ ਬਣਵਾ ਕੇ ਖੇਤ ਤੋਂ ਬਾਹਰ ਪ੍ਰਬੰਧਨ ਦੇ ਵਿਕਲਪਾਂ ਬਾਰੇ ਜਾਣੂ ਕਰਵਾਉਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਚਾਰ ਸਮੱਗਰੀ ਰਾਹੀਂ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਪੀ.ਏ.ਯੂ. ਸਮਾਰਟ ਸੀਡਰ, ਚੌਪਰ, ਮਲਚਰ, ਪਲਟਾਵਾਂ ਹਲ ਅਤੇ ਹੋਰ ਉਪਲਬਧ ਮਸ਼ੀਨਰੀ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਪਰਾਲੀ ਦੇ ਪ੍ਰਬੰਧਨ ਲਈ ਕਿਸਾਨ ਆਪਣੀ ਲੋੜ ਮੁਤਾਬਕ ਢੁਕਵਾਂ ਤਰੀਕਾ ਅਪਣਾ ਸਕਣ।
ਬਰਾੜ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਉੱਠਦਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਦੇ ਨਾਲ ਸਿਹਤ ਲਈ ਵੀ ਨੁਕਸਾਨਦਾਇਕ ਹੈ। ਇਸ ਦੇ ਉਲਟ ਫ਼ਸਲੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਮਿੱਟੀ ਦੀ ਸਿਹਤ ਸੰਭਾਲਣ ਵਿੱਚ ਸਹਾਈ ਹੋ ਸਕਦਾ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਖੇਤਾਂ ਵਿੱਚ ਅੱਗ ਦੀ ਥਾਂ ਪਰਾਲੀ ਪ੍ਰਬੰਧਨ ਦੀ ਮਿਸਾਲ ਕਾਇਮ ਕੀਤੀ ਜਾਵੇ ਅਤੇ ਜਾਗਰੂਕਤਾ ਵੈਨਾਂ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਦਾ ਲਾਭ ਲੈ ਕੇ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਲਈ ਪ੍ਰਸ਼ਾਸਨ ਦੀ ਮੁਹਿੰਮ ਵਿੱਚ ਸਰਗਰਮ ਸਾਂਝ ਪਾਈ ਜਾਵੇ । ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ, ਖੇਤੀਬਾੜੀ ਅਫਸਰ ਡਾ. ਕੁਲਬੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨਵਦੀਪ ਕੁਮਾਰ, ਸਤਿੰਦਰ ਕੌਰ ਅਤੇ ਇੰਜ.ਗੁਰਿੰਦਰ ਸਿੰਘ ਹਾਜਰ ਸਨ ।






