• ਵਿਭਾਗ ਆਪਣੇ ਅੰਕੜੇ ਤੇ ਭਵਿੱਖੀ ਪ੍ਰਾਜੈਕਟ ਸਾਂਝੇ ਕਰਕੇ ਤਾਲਮੇਲ ਨਾਲ ਅੱਗੇ ਵਧਣ; ਉਦਯੋਗਿਕ ਇਕਾਈਆਂ ਤੇ ਹੋਰ ਨੁਮਾਇੰਦਿਆਂ ਦੇ ਸੁਝਾਵਾਂ ਨੂੰ ਵੀ ਮਿਲੇ ਢੁੱਕਵਾ ਸਥਾਨ
• ਜ਼ਿਲ੍ਹਾ ਨਗਰ ਯੋਜਨਾਕਾਰ ਨੇ ਪੀ.ਪੀ.ਟੀ. ਰਾਹੀਂ ਕਮੇਟੀ ਮੈਂਬਰਾਂ ਨਾਲ ਸਾਂਝਾ ਕੀਤਾ ਅਹਿਮਦਗੜ੍ਹ ਦਾ ਆਰਜੀ ਮਾਸਟਰ ਪਲੈਨ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਸਟਰ ਪਲੈਨ ਸਿਰਫ਼ ਮੌਜੂਦਾ ਲੋੜਾਂ ਤੱਕ ਸੀਮਤ ਨਾ ਹੋਵੇ, ਸਗੋਂ ਆਬਾਦੀ ਦੇ ਭਵਿੱਖੀ ਵਾਧੇ, ਰਿਹਾਇਸ਼ੀ ਤੇ ਵਪਾਰਕ ਵਿਸਥਾਰ, ਉਦਯੋਗਿਕ ਗਤੀਵਿਧੀਆਂ, ਆਵਾਜਾਈ ਦੇ ਵਧਦੇ ਦਬਾਅ ਅਤੇ ਬੁਨਿਆਦੀ ਸਹੂਲਤਾਂ ਦੀ ਆਉਣ ਵਾਲੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਚੱਜੀ ਸ਼ਹਿਰੀ ਯੋਜਨਾਬੰਦੀ ਹੀ ਬੇਤਰਤੀਬੇ ਵਿਸਥਾਰ ਨੂੰ ਰੋਕਣ ਅਤੇ ਨਾਗਰਿਕਾਂ ਲਈ ਬਿਹਤਰ ਜੀਵਨ ਸਹੂਲਤਾਂ ਵਿਕਸਤ ਕਰਨ ਦਾ ਆਧਾਰ ਬਣਦੀ ਹੈ।
ਉਨ੍ਹਾਂ ਕਿਹਾ ਕਿ ਮਾਸਟਰ ਪਲੈਨ ਤਿਆਰ ਕਰਦਿਆਂ ਸੜਕੀ ਨੈੱਟਵਰਕ, ਟ੍ਰੈਫਿਕ ਦੀ ਸੁਚਾਰੂ ਆਵਾਜਾਈ, ਪਾਰਕਿੰਗ, ਪਾਣੀ ਦੀ ਸਪਲਾਈ, ਸੀਵਰੇਜ ਤੇ ਡਰੇਨੇਜ, ਠੋਸ ਕੂੜਾ ਪ੍ਰਬੰਧਨ, ਪਾਰਕਾਂ ਅਤੇ ਹੋਰ ਜਨਤਕ ਸਹੂਲਤਾਂ ਦੀਆਂ ਭਵਿੱਖੀ ਲੋੜਾਂ ਨੂੰ ਸਮੁੱਚੇ ਰੂਪ ਵਿੱਚ ਵਿਚਾਰਿਆ ਜਾਵੇ। ਇਸ ਦੇ ਨਾਲ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਵਰਤੋਂ ਵਿਚਕਾਰ ਯੋਜਨਾਬੱਧ ਸੰਤੁਲਨ ਅਤੇ ਵਾਤਾਵਰਣ ਦੀ ਸੰਭਾਲ ਨੂੰ ਵੀ ਯੋਜਨਾਬੰਦੀ ਦਾ ਹਿੱਸਾ ਬਣਾਇਆ ਜਾਵੇ।
ਵਿਰਾਜ ਐਸ. ਤਿੜਕੇ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਾਸਟਰ ਪਲੈਨ ਨੂੰ ਕਿਸੇ ਇੱਕ ਵਿਭਾਗ ਦੀ ਕਵਾਇਦ ਸਮਝਣ ਦੀ ਬਜਾਏ ਸਾਂਝੀ ਯੋਜਨਾਬੰਦੀ ਵਜੋਂ ਅੱਗੇ ਵਧਾਇਆ ਜਾਵੇ। ਹਰੇਕ ਵਿਭਾਗ ਆਪਣੇ ਨਾਲ ਸਬੰਧਤ ਮੌਜੂਦਾ ਬੁਨਿਆਦੀ ਢਾਂਚੇ, ਭਵਿੱਖੀ ਜ਼ਰੂਰਤਾਂ ਅਤੇ ਪ੍ਰਸਤਾਵਿਤ ਵਿਕਾਸ ਕਾਰਜਾਂ ਬਾਰੇ ਲੋੜੀਂਦੀ ਜਾਣਕਾਰੀ ਨਗਰ ਯੋਜਨਾਬੰਦੀ ਵਿਭਾਗ ਨਾਲ ਸਾਂਝੀ ਕਰੇ, ਤਾਂ ਜੋ ਵੱਖ-ਵੱਖ ਯੋਜਨਾਵਾਂ ਵਿਚਕਾਰ ਤਾਲਮੇਲ ਕਾਇਮ ਕਰਕੇ ਵਿਹਾਰਕ ਮਾਸਟਰ ਪਲੈਨ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਥਿੰਕ ਟੈਂਕ ਕਮੇਟੀ ਦੇ ਮੈਂਬਰਾਂ, ਉਦਯੋਗਿਕ ਇਕਾਈਆਂ ਅਤੇ ਹੋਰ ਨੁਮਾਇੰਦਿਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਵੀ ਮਾਸਟਰ ਪਲੈਨ ਤਿਆਰ ਕਰਨ ਦੀ ਪ੍ਰਕਿਰਿਆ ਦੌਰਾਨ ਲੋੜ ਅਤੇ ਵਿਹਾਰਕਤਾ ਅਨੁਸਾਰ ਵਿਚਾਰਨ ਲਈ ਕਿਹਾ। ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ, ਥਿੰਕ ਟੈਂਕ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਖੇਤਰਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ ਗੁਰਮੀਤ ਸਿੰਘ ਬਰਾੜ ਨੇ ਪੀ.ਪੀ.ਟੀ. ਰਾਹੀਂ ਕਮੇਟੀ ਮੈਂਬਰਾਂ ਅਤੇ ਸ਼ਹਿਰ ਦੇ ਨੁਮਾਇੰਦਿਆਂ ਅਹਿਮਦਗੜ੍ਹ ਦਾ ਆਰਜੀ ਮਾਸਟਰ ਸਾਂਝਾ ਕੀਤਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ,ਐਸ.ਡੀ.ਐਮ. ਅਹਿਮਦਗੜ੍ਹ ਰਾਜੇਸ਼ ਕੁਮਾਰ ਸ਼ਰਮਾ, ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਇੰਜੀ. ਆਦਰਸ਼ ਨਿਰਮਲ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ ਆਸ਼ੀਸ਼ ਕੁਮਾਰ, ਸਹਾਇਕ ਇੰਜੀਨੀਅਰ ਸਰਤਾਜ ਸਿੰਘ, ਐਲ.ਡੀ.ਐਮ. ਰਾਜਨ ਕੁਮਾਰ, ਕੁੱਲਕਿੰਗ ਉਦਯੋਗ ਤੋਂ ਸੰਜੀਵ ਸੂਦ, ਦਸਮੇਸ਼ ਕੰਬਾਈਨਜ਼ ਤੋਂ ਅਮਰ ਸਿੰਘ, ਸ੍ਰੀ ਬਾਲਾਜੀ ਐਗਰੋ ਇੰਡਸਟਰੀ ਤੋਂ ਅਮਿਤ ਗੋਇਲ, ਨਾਹਰ ਫਾਈਬਰਜ਼ ਤੋਂ ਰਜਿੰਦਰ ਪਰਮਾਰ, ਕੇ.ਐਸ. ਗਰੁੱਪ ਤੋਂ ਗੁਰਦੀਪ ਸਿੰਘ, ਰੀਅਲ ਅਸਟੇਟ ਅਹਿਮਦਗੜ੍ਹ ਤੋਂ ਮੁਨੀਸ਼ ਸਿੰਗਲਾ, ਬੂਟਾ ਫੂਡਜ ਤੋਂ ਨੀਤਿਨ ਗੋਇਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਦਯੋਗਪਤੀ ਹਾਜ਼ਰ ਸਨ।






