ਜੂਨੀਅਰ ਲੜਕੀਆਂ ਦੀ ਕੇਰਿਨ ਰੇਸ ਵਿੱਚ ਪੰਜਾਬ ਦੀ ਅੰਜਲੀ ਜਾਖੜ ਪਹਿਲੇ ਅਤੇ ਤਰਨਵੀਰ ਕੌਰ ਦੂਜੇ ਸਥਾਨ ’ਤੇ; ਸਕ੍ਰੈਚ ਰੇਸ ਵਿੱਚ ਪੰਜਾਬ ਦੀ ਪ੍ਰੀਤੀ ਸ਼ਾਹ ਨੇ ਮਾਰੀ ਬਾਜ਼ੀ
ਮਹਿਲਾ ਸਾਈਕਲਿਸਟਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਯਤਨ ਜਾਰੀ ਰਹਿਣਗੇ: ਜਗਦੀਪ ਸਿੰਘ ਕਾਹਲੋਂ
ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਹੋਏ ਸਮਾਪਤੀ ਦਿਨ ਦੇ ਮੁਕਾਬਲੇ; ਜੇਤੂਆਂ ਨੂੰ ਤਮਗੇ ਅਤੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਵਿਦੇਸ਼ ਤੋਂ ਭੇਜੇ ਆਪਣੇ ਸੰਦੇਸ਼ ਵਿੱਚ ਲੀਗ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਨੂੰ ਦਿੱਤੀ ਵਧਾਈ
ਪਟਿਆਲਾ: ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਐੱਨ.ਐੱਸ.ਐੱਨ.ਆਈ.ਐੱਸ. ਵੈਲੋਡਰੋਮ, ਪਟਿਆਲਾ ਵਿਖੇ ਕਰਵਾਈ ਗਈ ਦੋ ਰੋਜ਼ਾ ਅਸਮਿਤਾ ਮਹਿਲਾ ਸਾਈਕਲਿੰਗ ਜ਼ੋਨਲ ਟਰੈਕ ਲੀਗ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਈ। ਲੀਗ ਦੇ ਦੂਜੇ ਅਤੇ ਆਖ਼ਰੀ ਦਿਨ ਕੇਰਿਨ ਅਤੇ ਸਕ੍ਰੈਚ ਰੇਸ ਦੇ ਰੋਮਾਂਚਕ ਮੁਕਾਬਲਿਆਂ ਵਿੱਚ ਖਿਡਾਰਨਾਂ ਨੇ ਆਪਣੀ ਰਫ਼ਤਾਰ, ਤਕਨੀਕੀ ਮੁਹਾਰਤ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।
ਸਮਾਪਤੀ ਦਿਨ ਦੇ ਮੁਕਾਬਲੇ ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਉਨ੍ਹਾਂ ਜੇਤੂ ਖਿਡਾਰਨਾਂ ਨੂੰ ਤਮਗੇ ਅਤੇ ਨਕਦ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੀ.ਐੱਸ.ਐੱਨ.ਐੱਲ., ਪਟਿਆਲਾ ਦੇ ਪ੍ਰਿੰਸੀਪਲ ਜਨਰਲ ਮੈਨੇਜਰ, ਪਟਿਆਲਾ ਸੁਖਵੀਰ ਸਿੰਘ ਨੇ ਵੀ ਸ਼ਿਰਕਤ ਕਰ ਕੇ ਸਮਾਗਮ ਦੀ ਸ਼ੋਭਾ ਵਧਾਈ ਅਤੇ ਖਿਡਾਰਨਾਂ ਦਾ ਹੌਸਲਾ ਵਧਾਇਆ।ਦੂਜੇ ਦਿਨ ਦੇ ਨਤੀਜਿਆਂ ਅਨੁਸਾਰ ਜੂਨੀਅਰ ਲੜਕੀਆਂ ਦੀ ਕੇਰਿਨ ਰੇਸ ਵਿੱਚ ਪੰਜਾਬ ਦੀ ਅੰਜਲੀ ਜਾਖੜ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪੰਜਾਬ ਦੀ ਹੀ ਤਰਨਵੀਰ ਕੌਰ ਦੂਜੇ ਅਤੇ ਹਰਿਆਣਾ ਦੀ ਮਨਪ੍ਰੀਤ ਤੀਜੇ ਸਥਾਨ ’ਤੇ ਰਹੀ। ਸਕ੍ਰੈਚ ਰੇਸ ਵਿੱਚ ਪੰਜਾਬ ਦੀ ਪ੍ਰੀਤੀ ਸ਼ਾਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਹਰਿਆਣਾ ਦੀ ਪ੍ਰਿਯੰਕਾ ਨੇ ਦੂਜਾ ਅਤੇ ਦੀਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ।
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਵਿਦੇਸ਼ ਤੋਂ ਭੇਜੇ ਆਪਣੇ ਸੰਦੇਸ਼ ਵਿੱਚ ਲੀਗ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਸਾਰੀਆਂ ਭਾਗੀਦਾਰ ਖਿਡਾਰਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਅਤੇ ਉੱਭਰਦੀਆਂ ਖਿਡਾਰਨਾਂ ਨੂੰ ਮੁਕਾਬਲਿਆਂ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ, “ਅਸਮਿਤਾ ਮਹਿਲਾ ਸਾਈਕਲਿੰਗ ਜ਼ੋਨਲ ਟਰੈਕ ਲੀਗ ਨੇ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਮੁਕਾਬਲਿਆਂ ਦਾ ਤਜਰਬਾ ਹਾਸਲ ਕਰਨ ਅਤੇ ਆਪਣੇ ਪ੍ਰਦਰਸ਼ਨ ਨੂੰ ਹੋਰ ਨਿਖਾਰਨ ਲਈ ਅਹਿਮ ਮੰਚ ਪ੍ਰਦਾਨ ਕੀਤਾ ਹੈ। ਦੋਵਾਂ ਦਿਨਾਂ ਦੌਰਾਨ ਖਿਡਾਰਨਾਂ ਦਾ ਉਤਸ਼ਾਹ, ਅਨੁਸ਼ਾਸਨ ਅਤੇ ਜਿੱਤ ਲਈ ਜਜ਼ਬਾ ਦੇਖਣਯੋਗ ਰਿਹਾ। ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਮਹਿਲਾ ਸਾਈਕਲਿਸਟਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਅਤੇ ਹੋਰ ਲੜਕੀਆਂ ਨੂੰ ਇਸ ਖੇਡ ਨਾਲ ਜੋੜਨ ਲਈ ਆਪਣੇ ਯਤਨ ਜਾਰੀ ਰੱਖੇਗੀ।”
ਜਗਦੀਪ ਸਿੰਘ ਕਾਹਲੋਂ ਨੇ ਅੱਗੇ ਕਿਹਾ ਕਿ ਅਜਿਹੇ ਮੁਕਾਬਲੇ ਨਵੀਂ ਪ੍ਰਤਿਭਾ ਦੀ ਪਛਾਣ ਕਰਨ ਦੇ ਨਾਲ-ਨਾਲ ਖਿਡਾਰਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਅਗਲੇ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਸਾਰੀਆਂ ਭਾਗੀਦਾਰ ਖਿਡਾਰਨਾਂ ਨੂੰ ਨਿਰੰਤਰ ਅਭਿਆਸ ਕਰਨ ਅਤੇ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਤਰੱਕੀ ਵਿੱਚ ਕੋਚਾਂ ਅਤੇ ਮਾਪਿਆਂ ਦਾ ਸਹਿਯੋਗ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ ਨੇ ਖਿਡਾਰਨਾਂ ਦੀ ਮਿਹਨਤ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਤਕਨੀਕੀ ਮੁਹਾਰਤ, ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਵੱਲ ਨਿਰੰਤਰ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜੇਤੂਆਂ ਨੂੰ ਆਪਣੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਉਣ ਅਤੇ ਹੋਰਨਾਂ ਭਾਗੀਦਾਰਾਂ ਨੂੰ ਮੁਕਾਬਲਿਆਂ ਤੋਂ ਮਿਲੇ ਤਜਰਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਮਾਪਤੀ ਮੌਕੇ ਜਗਦੀਪ ਸਿੰਘ ਕਾਹਲੋਂ ਨੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਐੱਨ.ਐੱਸ.ਐੱਨ.ਆਈ.ਐੱਸ. ਦੇ ਪ੍ਰਬੰਧਕਾਂ, ਮਹਿਮਾਨਾਂ, ਕੋਚਾਂ, ਤਕਨੀਕੀ ਅਧਿਕਾਰੀਆਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ ਵੱਲੋਂ ਮੁਕਾਬਲਿਆਂ ਦੇ ਸੰਚਾਲਨ ਅਤੇ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਟਰੈਜਰਾਰ ਬੀਐਸ ਸੂਦਨ, ਕੌਮਾਂਤਰੀ ਸਾਈਕਲਿਸਟ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਸਤਵਿੰਦਰ ਸਿੰਘ, ਵਾਈਸ ਪ੍ਰਧਾਨ ਐਸ.ਪੀ. ਸਿੰਘ, ਸਪੋਰਟਸ ਪ੍ਰਮੋਟਰ ਗੁਰਵਿੰਦਰ ਸਿੰਘ ਬੀ.ਈ.ਈ., ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਸੰਗਰੂਰ ਦੇ ਸੀਨੀਅਰ ਅਹੁਦੇਦਾਰ ਕੁਲਦੀਪ ਸਿੰਘ, ਕੌਮਾਂਤਰੀ ਸਾਈਕਲਿਸਟ ਗੁਰਬਾਜ ਸਿੰਘ, ਨੀਰਜ ਸਾਹਨੀ ਤੇ ਮੁਨੀਸ਼ ਸਾਹਨੀ, ਰਾਜਵਿੰਦਰ ਕੌਰ, ਵੀ. ਸ਼ਰੇਨੂ ਕੁਮਾਰ, ਗੁਰਪ੍ਰੀਤ ਕੌਰ, ਐਨਆਈਐਸ ਦੇ ਚੀਫ ਕੋਚ ਸ਼੍ਰੀ ਜੋਗਿੰਦਰ, ਸਮੇਤ ਵੱਖ-ਵੱਖ ਪ੍ਰਬੰਧਕ ਅਤੇ ਅਹੁਦੇਦਾਰ ਅਤੇ ਵੱਡੀ ਗਿਣਤੀ ਖਿਡਾਰੀ ਹਾਜ਼ਰ ਸਨ।






