Saturday, September 19, 2026
Home Punjab Malerkotla ਸਹਾਇਕ ਕਮਿਸ਼ਨਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਤਿਮਾਹੀ ਮੀਟਿੰਗ, ਸਿਵਲ ਹਸਪਤਾਲ ਦੀਆਂ...

ਸਹਾਇਕ ਕਮਿਸ਼ਨਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਤਿਮਾਹੀ ਮੀਟਿੰਗ, ਸਿਵਲ ਹਸਪਤਾਲ ਦੀਆਂ ਸਹੂਲਤਾਂ ਅਤੇ ਲੋੜਾਂ ਦਾ ਕੀਤਾ ਬਾਰੀਕੀ ਨਾਲ ਮੁਲਾਂਕਣ

0
5

ਮਾਲੇਰਕੋਟਲਾ, 18 ਸਤੰਬਰ :

ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਹੂਲਤ, ਸਨਮਾਨ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਰੋਗੀ ਕਲਿਆਣ ਸੰਮਤੀ ਦੀ ਤਿਮਾਹੀ ਮੀਟਿੰਗ ਸਹਾਇਕ ਕਮਿਸ਼ਨਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਿਵਲ ਹਸਪਤਾਲ ਵਿੱਚ ਉਪਲਬਧ ਸਿਹਤ ਸੇਵਾਵਾਂ, ਸੰਮਤੀ ਦੇ ਵਿੱਤੀ ਸਰੋਤਾਂ, ਪਹਿਲਾਂ ਕਰਵਾਏ ਕੰਮਾਂ ਅਤੇ ਭਵਿੱਖੀ ਜ਼ਰੂਰਤਾਂ ਨੂੰ ਕੇਂਦਰ ਵਿੱਚ ਰੱਖਦਿਆਂ ਵਿਸਥਾਰ ਨਾਲ ਸਮੀਖਿਆ ਕੀਤੀ ਗਈ।

ਸਹਾਇਕ ਕਮਿਸ਼ਨਰ ਨੇ ਕਿਹਾ ਕਿ ਰੋਗੀ ਕਲਿਆਣ ਸੰਮਤੀ ਦੀ ਭੂਮਿਕਾ ਸਿਰਫ਼ ਸਹੂਲਤਾਂ ਦੇ ਪ੍ਰਬੰਧ ਤੱਕ ਸੀਮਤ ਨਹੀਂ, ਬਲਕਿ ਹਸਪਤਾਲ ਆਉਣ ਵਾਲੇ ਹਰੇਕ ਮਰੀਜ਼ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਵੀ ਇਸ ਦਾ ਅਹਿਮ ਉਦੇਸ਼ ਹੈ। ਉਨ੍ਹਾਂ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ ਨੇੜੇ ਫੈਸੀਲੀਟੇਸ਼ਨ ਸੈਂਟਰ ਸਥਾਪਤ ਕਰਨ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਸਹਾਇਕਾਂ ਲਈ ਬੈਠਣ ਦੀ ਢੁੱਕਵੀਂ ਵਿਵਸਥਾ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਫਾਰਮੇਸੀ ਸੇਵਾਵਾਂ ਨੂੰ ਵੀ ਹੋਰ ਸੁਚਾਰੂ ਬਣਾਉਣ ’ਤੇ ਜ਼ੋਰ ਦਿੱਤਾ ਗਿਆ।

ਮੀਟਿੰਗ ਵਿੱਚ ਓ.ਐਸ.ਟੀ. ਸੈਂਟਰ, ਚਾਰ ਬੈੱਡਾਂ ਵਾਲੇ ਆਈ.ਸੀ.ਯੂ., ਡਾਇਲਸਿਸ ਯੂਨਿਟ, ਸੀਨੀਅਰ ਸਿਟੀਜ਼ਨ ਅਤੇ ਐਮਰਜੈਂਸੀ ਮਰੀਜ਼ਾਂ ਲਈ ਸੇਵਾਵਾਂ, ਮਰੀਜ਼ਾਂ ਲਈ ਕੰਟੀਨ, ਸੀ.ਟੀ. ਅਤੇ ਐਮ.ਆਰ.ਆਈ. ਸਹੂਲਤਾਂ ਸਮੇਤ ਹਸਪਤਾਲ ਨਾਲ ਜੁੜੇ ਹੋਰ ਪ੍ਰਬੰਧਾਂ ਦੀ ਸਥਿਤੀ ’ਤੇ ਵੀ ਵਿਚਾਰ ਕੀਤਾ ਗਿਆ।

ਮੈਂਬਰ ਸਕੱਤਰ ਰੋਗੀ ਕਲਿਆਣ ਸੰਮਤੀ-ਕਮ-ਐਸ.ਐਮ.ਓ. ਡਾ. ਸੁਖਵਿੰਦਰ ਸਿੰਘ ਨੇ ਸੰਮਤੀ ਕੋਲ ਉਪਲਬਧ ਫੰਡਾਂ, ਖਰਚਿਆਂ ਅਤੇ ਮਰੀਜ਼ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਅਲਟਰਾ ਸਾਊਂਡ ਦੀ ਸਹੂਲਤ ਉਪਲਬਧ ਹੈ ਅਤੇ ਗਰਭਵਤੀ ਔਰਤਾਂ ਨੂੰ ਇਹ ਸੇਵਾ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਸੀ.ਐਸ.ਆਰ. ਤਹਿਤ ਪ੍ਰਾਪਤ ਆਧੁਨਿਕ ਸਿਹਤ ਉਪਕਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਬੀ.ਡੀ.ਪੀ.ਓ.ਮਾਲੇਰਕੋਟਲਾ ਜਸਮਿੰਦਰ ਸਿੰਘ, ਏ.ਈ ਇੰਜੀ ਹਰਮੁਨਿਤ ਸਿੰਘ, ਸੁਪਰਵਾਈਜਰ ਰੂਚੀ ਗੁਪਤਾ, ਜੇ.ਈ ਇੰਜੀਨਿਅਰ ਗੁਰਤੇਜ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

LEAVE A REPLY

Please enter your comment!
Please enter your name here