Thursday, September 10, 2026
Home National ਮਧੂ ਗੌਡ ਯਾਸ਼ਕੀ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਚੇਅਰਪਰਸਨ ਨਿਯੁਕਤ

ਮਧੂ ਗੌਡ ਯਾਸ਼ਕੀ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਚੇਅਰਪਰਸਨ ਨਿਯੁਕਤ

0
4

ਹੈਦਰਾਬਾਦ: ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੇ ਤੇਲੰਗਾਨਾ ਦੇ ਸੀਨੀਅਰ ਕਾਂਗਰਸੀ ਆਗੂ ਮਧੂ ਗੌਡ ਯਾਸ਼ਕੀ ਨੂੰ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਹੈ। ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਕਾਂਗਰਸ ਨੇ ਸਾਬਕਾ ਚੇਅਰਪਰਸਨ ਪ੍ਰਵੀਨ ਚੱਕਰਵਰਤੀ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ। ਮਧੂ ਗੌਡ ਯਾਸ਼ਕੀ ਤੇਲੰਗਾਨਾ ਕਾਂਗਰਸ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਕੋਲ ਲੰਬੇ ਸਮੇਂ ਦਾ ਸਿਆਸੀ ਤਜਰਬਾ ਹੈ। ਉਹ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਪ੍ਰਮੁੱਖ ਕਾਂਗਰਸੀ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

ਯਾਸ਼ਕੀ ਨੇ 2004 ਅਤੇ 2009 ਵਿੱਚ ਨਿਜ਼ਾਮਾਬਾਦ ਤੋਂ ਲੋਕ ਸਭਾ ਚੋਣ ਜਿੱਤੀ ਸੀ। 2004 ਵਿੱਚ ਉਨ੍ਹਾਂ ਨੇ ਤੇਲਗੂ ਦੇਸ਼ਮ ਪਾਰਟੀ ਦੇ ਸਈਦ ਯੂਸਫ਼ ਅਲੀ ਨੂੰ 1.37 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ, ਜਦਕਿ 2009 ਵਿੱਚ ਟੀ.ਆਰ.ਐੱਸ. ਦੇ ਬਿਗਲਾ ਗਣੇਸ਼ ਗੁਪਤਾ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ।

ਉਹ ਕਾਂਗਰਸ ਪਾਰਲੀਮੈਂਟਰੀ ਪਾਰਟੀ ਦੇ ਡਿਪਟੀ ਚੀਫ਼ ਵ੍ਹਿਪ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਹਾਲਾਂਕਿ, 2014 ਦੀ ਲੋਕ ਸਭਾ ਚੋਣ ਵਿੱਚ ਉਨ੍ਹਾਂ ਨੂੰ ਟੀ.ਆਰ.ਐੱਸ. ਦੀ ਕੇ. ਕਵਿਤਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 2019 ਵਿੱਚ ਵੀ ਉਹ ਨਿਜ਼ਾਮਾਬਾਦ ਤੋਂ ਚੋਣ ਲੜੇ ਪਰ ਤੀਜੇ ਸਥਾਨ ’ਤੇ ਰਹੇ। ਇਸ ਚੋਣ ਵਿੱਚ ਭਾਜਪਾ ਦੇ ਧਰਮਪੁਰੀ ਅਰਵਿੰਦ ਨੇ ਜਿੱਤ ਹਾਸਲ ਕੀਤੀ ਸੀ।

2023 ਵਿੱਚ ਯਾਸ਼ਕੀ ਨੂੰ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਸੇ ਸਾਲ ਉਨ੍ਹਾਂ ਨੇ ਐਲ.ਬੀ. ਨਗਰ ਤੋਂ ਵਿਧਾਨ ਸਭਾ ਚੋਣ ਲੜੀ, ਪਰ ਉਹ ਤੀਜੇ ਸਥਾਨ ’ਤੇ ਰਹੇ।

ਹੁਣ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਨਾਲ ਯਾਸ਼ਕੀ ਦੀ ਭੂਮਿਕਾ ਕਾਂਗਰਸ ਦੇ ਸੰਗਠਨ ਵਿੱਚ ਹੋਰ ਮਹੱਤਵਪੂਰਨ ਹੋ ਗਈ ਹੈ। ਇਹ ਸੰਸਥਾ ਖਾਸ ਤੌਰ ’ਤੇ ਪੇਸ਼ੇਵਰ ਵਰਗ ਨਾਲ ਜੁੜੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਉਨ੍ਹਾਂ ਦੀ ਭਾਗੀਦਾਰੀ ਵਧਾਉਣ ’ਤੇ ਕੰਮ ਕਰਦੀ ਹੈ।

LEAVE A REPLY

Please enter your comment!
Please enter your name here